Punjab News: ਸਰਕਾਰੀ ਸਕੂਲ ‘ਚ ਅਧਿਆਪਕਾ ਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸਿਸ਼
Punjab News: ਪਠਾਨਕੋਟ ਦੇ ਹਲਕਾ ਭੋਆ ਦੇ ਇੱਕ ਸਕੂਲ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਵਿਅਕਤੀ ਪੈਟਰੋਲ ਲੈ ਕੇ ਦਾਖਲ ਹੋਇਆ। ਪਹਿਲਾਂ ਉਸ ਨੇ ਇਕ ਮਹਿਲਾ ਅਧਿਆਪਕ ਨੂੰ ਉਸ ਦੇ ਸਕੂਟਰ ‘ਤੇ ਪੈਟਰੋਲ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਮਹਿਲਾ ਅਧਿਆਪਕ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਉਸ ‘ਤੇ ਵੀ ਪੈਟਰੋਲ ਛਿੜਕ ਦਿੱਤਾ।
ਇਹ ਦੇਖ ਕੇ ਸਕੂਲੀ ਬੱਚੇ ਡਰ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਇਹ ਘਟਨਾ ਸੋਮਵਾਰ ਦੁਪਹਿਰ ਪਿੰਡ ਗਟੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਵਾਪਰੀ। ਅਮਰ ਉਜਾਲਾ ਦੀ ਖ਼ਬਰ ਮੁਤਾਬਿਕ, ਮਹਿਲਾ ਅਧਿਆਪਕ ਅਤੇ ਕਲਾਸ ਵਿੱਚ ਮੌਜੂਦ ਬੱਚੇ ਵੀ ਡਰ ਗਏ। ਇਹ ਮਹਿਲਾ ਅਧਿਆਪਕ ਹੋਰ ਕੋਈ ਨਹੀਂ ਬਲਕਿ ਉਕਤ ਵਿਅਕਤੀ ਦੀ ਪਤਨੀ ਹੈ, ਜਿਸ ਦਾ ਆਪਸੀ ਝਗੜਾ ਚੱਲ ਰਿਹਾ ਸੀ। ਮਾਮਲੇ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਅਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇਣੂ ਸ਼ਰਮਾ ਨੇ ਆਪਣੇ ਪਤੀ ਲਵਲੀਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਪਿਛਲੇ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ। ਇਹ ਕੇਸ ਵੀ ਲੰਬੇ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ। ਸੋਮਵਾਰ ਨੂੰ ਜਦੋਂ ਉਹ ਕਲਾਸ ‘ਚ ਸੀ ਤਾਂ ਲਵਲੀਨ ਸ਼ਰਮਾ ਹੱਥ ‘ਚ ਪੈਟਰੋਲ ਦੀ ਬੋਤਲ ਲੈ ਕੇ ਸਕੂਲ ‘ਚ ਦਾਖਲ ਹੋਇਆ।
ਰੇਣੂ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਦੇ ਸਕੂਟਰ ‘ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲਵਲੀਨ ਨੇ ਉਸ ‘ਤੇ ਵੀ ਪੈਟਰੋਲ ਸੁੱਟ ਦਿੱਤਾ ਅਤੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਰੇਣੂ ਨੇ ਭੱਜ ਕੇ ਆਪਣੀ ਜਾਨ ਬਚਾਈ। ਛੁੱਟੀ ਹੋਣ ‘ਚ 10 ਮਿੰਟ ਬਾਕੀ ਸਨ ਜਦੋਂ ਰੇਣੂ ਨੇ 112 ‘ਤੇ ਫੋਨ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਰੇਣੂ ਨੇ ਆਪਣੇ ਬੇਟੇ ਅਤੇ ਪਿੰਡ ਦੇ ਲੋਕਾਂ ਨੂੰ ਵੀ ਮੌਕੇ ‘ਤੇ ਬੁਲਾਇਆ।
ਰੇਣੂ ਵੱਲੋਂ ਥਾਣਾ ਸੁਜਾਨਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਪਹਿਲਾਂ ਰੇਣੂ ਦਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਅਤੇ ਫਿਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਰੇਣੂ ਨੇ ਜੋ ਸਕੂਟਰ ਲਿਆ ਸੀ ਉਹ ਉਸਦੇ ਪਤੀ ਲਵਲੀਨ ਦਾ ਸੀ।
ਲਵਲੀਨ ਨੇ ਰੇਣੂ ਤੋਂ ਕਈ ਵਾਰ ਸਕੂਟਰ ਮੰਗਿਆ ਪਰ ਉਸ ਨੇ ਨਹੀਂ ਦਿੱਤਾ। ਜਿਸ ਤੋਂ ਬਾਅਦ ਲਵਲੀਨ ਨੇ ਗੁੱਸੇ ‘ਚ ਆ ਕੇ ਸਕੂਲ ‘ਚ ਖੜ੍ਹੇ ਸਕੂਟਰ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਰੇਣੂ ਦੀ ਮੈਡੀਕਲ ਰਿਪੋਰਟ ਠੀਕ ਆ ਗਈ ਹੈ ਜਦਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।