ਪੰਜਾਬ ਦੀ ‘ਨੰਗ ਸਰਕਾਰ’ ਖ਼ਿਲਾਫ਼ ਨੰਗੇ ਧੜ ਡਟੇ ਏਡਿਡ ਅਧਿਆਪਕ! 8 ਮਹੀਨਿਆਂ ਤੋਂ ਨਹੀਂ ਮਿਲੀ ਇੱਕ ਰੁਪਇਆ ਵੀ ਤਨਖ਼ਾਹ
Punjab News-
ਖਜਾਨਾ ਭਰਿਆ ਹੈ.. ਪਰਵਾਹ ਨਹੀਂ ਕੇਂਦਰ ਦੇ ਪੈਸੇ ਦੀ..! ਪੰਜਾਬ ਦੇ ਲੋਕਾਂ ਨੂੰ ਪੈਸੇ ਨਾਲ ਨੱਕੋ ਨੱਕ ਭਰ ਦਿਆਂਗੇ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦਿਆਂਗੇ, ਅਤੇ ਹੋਰ ਅਜਿਹੀ ਕਈ ਵਾਅਦੇ ਅਤੇ ਦਾਅਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਜਾ ਰਹੇ ਹਨ ਅਤੇ ਕੀਤੇ ਜਾਂਦੇ ਰਹੇ ਨੇ, ਪਰ ਅਸਲੀਅਤ ਇਸ ਦੀ ਸਭ ਦੇ ਸਾਹਮਣੇ ਹੈ। ਵੱਡੇ ਪੱਧਰ ਤੇ ਮੁਲਾਜ਼ਮਾਂ ਨੂੰ ਜਿੱਥੇ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਹੋਰ ਬਥੇਰੇ ਕੰਮ (ਸਰਕਾਰੀ ਖ਼ਜ਼ਾਨੇ ਵਿੱਚ) ਪੈਸਾ ਨਾ ਹੋਣ ਦੇ ਕਾਰਨ ਰੁਕੇ ਪਏ ਨੇ।
ਤਾਜ਼ਾ ਜਾਣਕਾਰੀ ਦੇ ਮੁਤਾਬਿਕ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਅੱਠ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸ਼ਨਿੱਚਰਵਾਰ ਨੂੰ ਤਰਨਤਾਰਨ ’ਚ ਸੂਬਾ ਪੱਧਰੀ ਰੈਲੀ ਕਰਕੇ ਜਿਥੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉੱਥੇ ਪੁਰਸ਼ ਅਧਿਆਪਕਾਂ ਨੇ ਨੰਗੇ ਧੜ ਸ਼ਹਿਰ ਵਿਚ ਮਾਰਚ ਕਰਕੇ ਆਮ ਆਦਮੀ ਪਾਰਟੀ ਦੇ ਚੋਣ ਦਫਤਰ ਅੱਗੇ ਧਰਨਾ ਦਿੱਤਾ।
ਉਨ੍ਹਾਂ ਦਾ ਦੋਸ਼ ਸੀ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਏਡਿਡ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਗ੍ਰਾਂਟ ਇਨ ਏਡ ਦੇ ਰੂਪ ਵਿਚ ਦਿੱਤੀਆਂ ਜਾ ਰਹੀਆਂ ਤਨਖਾਹਾਂ ਨੂੰ 8 ਮਹੀਨਿਆਂ ਤੋਂ ਰੋਕਿਆ ਹੋਇਆ ਹੈ। ਜਿਸ ਦਾ ਵਿਰੋਧ ਕਰਨ ਅਤੇ ਵਿੱਤ ਵਿਭਾਗ ਵੱਲੋਂ ਏਡਿਡ ਸਕੂਲ ਮੈਨਜਮੈਂਟਾਂ ਦੇ ਖਾਤਿਆਂ ਦੀ ਬੇਲੋੜੀ ਚੈਕਿੰਗ ਦੇ ਪੱਤਰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਇਹ ਸੂਬਾ ਪੱਧਰੀ ਰੈਲੀ ਕੀਤੀ ਗਈ। ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਏਡਿਡ ਅਧਿਆਪਕਾਂ ਨੇ ਹਿੱਸਾ ਲਿਆ।
ਤਰਨਤਾਰਨ ਦੇ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੱਕ ਸ਼ਹਿਰ ਦੀ ਮੁੱਖ ਸੜਕ ’ਤੇ ਰੋਸ ਮਾਰਚ ਕੀਤਾ। ਇਸ ਦੌਰਾਨ ਪੁਰਸ਼ ਅਧਿਆਪਕ ਨੰਗੇ ਧੜ ਮਾਰਚ ਵਿਚ ਸ਼ਾਮਲ ਹੋਏ ਅਤੇ ਦਫਤਰ ਅੱਗੇ ਪਹੁੰਚ ਕੇ ਧਰਨਾ ਲਗਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਏਡਿਡ ਸਕੂਲ ਮਾਰੂ ਗਲਤ ਨੀਤੀਆਂ ਕਾਰਨ ਸੂਬੇ ਵਿਚ ਸਰਕਾਰ ਵਿਰੁੱਧ ਬਹੁਤ ਰੋਸ ਪਾਇਆ ਜਾ ਰਿਹਾ ਹੈ।
ਇਨ੍ਹਾਂ ਸਕੂਲਾਂ ਦੀਆਂ ਮੈਨੇਜਮੈਂਟਾਂ 8100 ਅਸਾਮੀਆਂ ਖਾਲੀ ਹੋਣ ਦੇ ਬਾਵਜ਼ੂਦ ਆਪਸੀ ਸਹਿਯੋਗ ਜਾਂ ਜਨਤਾ ਤੋਂ ਦਾਨ ਲੈ ਕੇ ਬਹੁਤ ਮੁਸ਼ਕਲ ਨਾਲ ਇਹ ਸਕੂਲ ਚਲਾ ਰਹੀਆਂ ਹਨ। ਪਰ ਇਨ੍ਹਾਂ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਅੱਠ ਮਹੀਨੇ ਤੋਂ ਤਨਖਾਹਾਂ ਰੋਕੀਆਂ ਹੋਈਆਂ ਹਨ, ਜੋ ਕਿ ਬਹੁਤ ਵੱਡੀ ਨਾ ਇਨਸਾਫੀ ਹੈ।
ਸੂਬੇ ਦੇ ਹਾਜ਼ਾਰਾਂ ਏਡਿਡ ਸਕੂਲ ਕਰਮਚਾਰੀ ਅਤੇ ਪੈਨਸ਼ਨਰ ਸੂਬਾ ਸਰਕਾਰ ਦੀ ਇਸ ਅਣਮਨੁੱਖੀ ਕਾਰਵਾਈ ਦਾ ਪੂਰਾ ਵਿਰੋਧ ਕਰਦੇ ਹਨ ਅਤੇ ਇਹ ਪੁਰਜ਼ੋਰ ਮੰਗ ਕਰਦੇ ਹਨ ਕਿ ਖਾਤਿਆਂ ਦੀ ਬੇਲੋੜੀ ਚੈਕਿੰਗ ਦੇ ਪੱਤਰਾਂ ਨੂੰ ਤੁਰੰਤ ਵਾਪਸ ਲੈ ਕੇ ਇਨ੍ਹਾਂ ਸਕੂਲਾਂ ਵਿਚ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦੀ ਪੂਰੇ ਸਾਲ ਦੀਆਂ ਤਨਖਾਹਾਂ ਸਬੰਧੀ ਗ੍ਰਾਂਟ ਦਿੱਤੀ ਜਾਵੇ। ਪੰਜਾਬ ਏਡਿਡ ਸਕੂਲ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਜਨਰਲ ਸਕੱਤਰ ਡਾ. ਗੁਰਮੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ 7 ਨਵੰਬਰ ਤੱਕ ਲਾਗੂ ਕਰਦਿਆਂ ਗ੍ਰਾਂਟ ਜਾਰੀ ਨਾ ਕੀਤੀ ਤਾਂ 7 ਨਵੰਬਰ ਤੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਦਫ਼ਤਰ ਪੰਜਾਬ ਭਰ ਦੇ ਏਡਿਡ ਸਕੂਲ ਕਰਮਚਾਰੀ ਜੇਲ੍ਹ ਭਰੋਂ ਅੰਦੋਲਨ ਦੀ ਸ਼ੁਰੂਆਤ ਕਰਨਗੇ।

