ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਤਨਾਮ ਸਰਬ ਕਲਿਆਣ ਟਰੱਸਟ ਨੇ 2.50 ਲੱਖ ਰੁਪਏ ਦੀਆਂ ਦਿਤੀਆਂ ਫੀਸਾਂ
ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਲੋੜਵੰਦ ਵਿਦਿਆਰਥੀਆਂ ਦੀ ਰਾਹ ਕੀਤੀ ਆਸਾਨ
ਫਿਰੋਜ਼ਪੁਰ –
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜਾਂ ਨੇ ਜਿੱਥੇ ਲੋਕਾਂ ਦੀ ਜਾਨ-ਮਾਲ ਦਾ ਵੱਡਾ ਨੁਕਸਾਨ ਕੀਤਾ ਹੈ, ਉਥੇ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਈ ਪਰਿਵਾਰਾਂ ਦੇ ਘਰ, ਰੋਜ਼ਗਾਰ ਅਤੇ ਖੇਤੀਬਾੜੀ ਪਾਣੀ ‘ਚ ਵਹਿ ਜਾਣ ਕਾਰਨ ਉਹ ਆਪਣੇ ਬੱਚਿਆਂ ਦੀ ਸਕੂਲੀ ਫੀਸ ਭਰਨ ਵਿੱਚ ਅਸਮਰੱਥ ਹੋ ਗਏ ਸਨ।
ਵਿਦਿਆਰਥੀਆਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਡਾ. ਸਤਿੰਦਰ ਸਿੰਘ ਉੱਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਦੀ ਪ੍ਰੇਰਨਾ ਸਦਕਾ ‘ਈਚ ਵਨ ਅਡਾਪਟ ਵਨ’ ਮੁਹਿੰਮ ਵਿੱਚ ਵੱਡਮੁੱਲਾ ਸਹਿਯੋਗ ਕਰਦਿਆਂ ਸਮਾਜ ਸੇਵੀ ਸੰਸਥਾ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਅਤੇ ਗਿਵ ਐਂਡ ਗਰੋਅ ਫਾਊਂਡੇਸ਼ਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਨਾਂ ਮੱਤੜ, ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌ ਬਹਿਰਾਮ ਸ਼ੇਰ ਸਿੰਘ ਦੇ ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ ਮਨੁੱਖਤਾ ਭਰਿਆ ਕਦਮ ਚੁੱਕਿਆ ਗਿਆ ਹੈ।
ਟਰੱਸਟ ਵੱਲੋਂ ਜ਼ਿਲ੍ਹੇ 03 ਸਕੂਲਾਂ 10ਵੀਂ ਅਤੇ 12ਵੀਂ ਜਮਾਤ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ 150 ਬੱਚਿਆਂ ਦੀਆਂ 2.50 ਲੱਖ ਰੁਪਏ ਤੋਂ ਵੱਧ ਦੀਆ ਬੋਰਡ ਪ੍ਰੀਖਿਆਵਾਂ ਅਤੇ ਸਕੂਲੀ ਫੀਸਾਂ ਭਰੀਆਂ ਗਈਆਂ ਤਾਂ ਜੋ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਆਪਣੀ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਤੋਂ ਪਹਿਲਾਂ ਇਸ ਸੰਸਥਾ ਵੱਲੋਂ ਹੜ ਪ੍ਰਭਾਵਿਤ 14 ਸਕੂਲਾਂ ਦੇ 2000 ਤੋਂ ਵੱਧ ਬੱਚਿਆਂ ਦੇ ਲਈ ਸਟੇਸ਼ਨਰੀ ,ਬੈਗ ਅਤੇ ਹੋਰ ਲੋੜੀਂਦੇ ਸਮਾਨ ਦਾ ਵੀ ਪ੍ਰਬੰਧ ਇਸ ਸੰਸਥਾ ਵੱਲੋਂ ਕੀਤਾ ਗਿਆ ਹੈ। ਉੱਘੇ ਸਮਾਜ ਸੇਵੀ ਅਤੇ ਟਰੱਸਟ ਦੇ ਸੰਸਥਾਪਕ ਜਸਜੀਤ ਸਿੰਘ ਮਲਿਕ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਮੂਲ ਅਧਿਕਾਰ ਹੈ ਅਤੇ ਸਮਾਜ ਦੇ ਹਰੇਕ ਵਰਗ ਨੂੰ ਇਸ ਪਵਿੱਤਰ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਹੜ੍ਹ ਜੇਹੀ ਕੁਦਰਤੀ ਕਰੋਪੀ ਸਮੇਂ ਲੋਕਾਂ ਦੀ ਸਹਾਇਤਾ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਹ ਯਤਨ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਵਿਦਿਆਰਥੀਆਂ ਲਈ ਹੌਸਲੇ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।
ਡਾ. ਸਤਿੰਦਰ ਸਿੰਘ ਨੇ ਟਰੱਸਟ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿਖਿਅਤ ਅਤੇ ਅਗਾਂਹ ਵਧੂ ਸਮਾਜ ਸਿਰਜਣ ਵਿੱਚ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦਾਨ ਦੀ ਦਿਸ਼ਾ ਬਦਲਦੇ ਹੋਏ, ਅਗਾਂਹ ਵਧੂ ਸਮਾਜ ਦੀ ਸਿਰਜਣਾ ਲਈ,ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਪ੍ਰੇਮ ਸਿੰਘ, ਸਤੀਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਨੇ ਸੰਸਥਾ ਦਾ ਧੰਨਵਾਦ ਕੀਤਾ। ਹੜ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਚਿਹਰਿਆਂ ‘ਤੇ ਮੁਸਕਾਨ ਵੇਖੀ ਗਈ, ਜਿਨ੍ਹਾਂ ਨੇ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਆਗੂ ਅਮ੍ਰਿਤਪਾਲ ਸਿੰਘ, ਟੀ ਐਸ ਬੇਦੀ, ਅਸ਼ੋਕ ਬਹਿਲ, ਦਸ਼ਮੇਸ਼ ਸਿੰਘ ਸੇਠੀ ਅਤੇ ਭੁਪਿੰਦਰ ਸਿੰਘ ਛਾਬੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

