ਭਾਰਤ ‘ਚ ਵੱਡਾ ਰੇਲ ਹਾਦਸਾ, 7 ਲੋਕਾਂ ਦੀ ਦਰਦਨਾਕ ਮੌਤ
ਨੈਸ਼ਨਲ ਡੈਸਕ -;
ਭਾਰਤ ਵਿੱਚ ਇੱਕ ਵਾਰ ਫਿਰ ਵੱਡਾ ਰੇਲ ਹਾਦਸਾ ਵਾਪਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ (Mirzapur) ਵਿੱਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇੱਥੇ ਚੁਨਾਰ ਰੇਲਵੇ ਸਟੇਸ਼ਨ (Chunar Railway Station) ‘ਤੇ ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ, 7 ਤੋਂ 8 ਸ਼ਰਧਾਲੂਆਂ ਦੀ ਇੱਕ ਤੇਜ਼ ਰਫ਼ਤਾਰ ਟਰੇਨ ਹੇਠ ਆਉਣ ਨਾਲ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ।
ਹਾਦਸੇ ਤੋਂ ਬਾਅਦ ਸਟੇਸ਼ਨ ‘ਤੇ ਹੜਕੰਪ ਅਤੇ ਚੀਕ-ਚਿਹਾੜਾ ਮੱਚ ਗਿਆ। ਰੇਲਵੇ ਦੇ ਅਫ਼ਸਰ ਅਤੇ GRP/RPF ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਚੋਪਨ ਤੋਂ ਚੱਲ ਕੇ ਆਉਣ ਵਾਲੀ ਇੱਕ ਪੈਸੇਂਜਰ ਟਰੇਨ ਚੁਨਾਰ ਸਟੇਸ਼ਨ ‘ਤੇ ਆ ਕੇ ਰੁਕੀ। ਮਾਰੇ ਗਏ ਸ਼ਰਧਾਲੂ ਇਸੇ ਪੈਸੇਂਜਰ ਟਰੇਨ ਤੋਂ ਉਤਰੇ ਸਨ, ਪਰ ਉਹ ਪਲੇਟਫਾਰਮ ਵੱਲ ਨਾ ਉਤਰ ਕੇ, ਜਲਦਬਾਜ਼ੀ ਵਿੱਚ ਦੂਜੇ ਪਾਸੇ (ਗਲਤ ਸਾਈਡ) ਪਟੜੀ ‘ਤੇ ਉਤਰ ਗਏ।
ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦੇ ਜਾਂ ਪਟੜੀ ਪਾਰ ਕਰਦੇ, ਦੂਜੀ ਲਾਈਨ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਕਾਲਕਾ ਐਕਸਪ੍ਰੈਸ (Kalka Express) ਨੇ ਉਨ੍ਹਾਂ ਨੂੰ ਕੁਚਲ ਦਿੱਤਾ।

