ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦਾ ਹੁਣ ਇਨ੍ਹਾਂ ਅਧਿਆਪਕਾਂ ਨਾਲ ਧੱਕਾ; ਤਰੱਕੀਆਂ ਤੋਂ ਜਾਣਬੁੱਝ ਕੇ ਰੱਖਿਆ ਵਾਂਝਾ!
ਵਿਭਾਗੀ ਅਫ਼ਸਰਸ਼ਾਹੀ ਵੱਲੋਂ ਐਸ. ਐਲ. ਏ ਅਤੇ ਹੋਰ ਨਾਨ ਟੀਚਿੰਗ ਕੈਟਾਗਰੀਆਂ ਦੀਆਂ ਸਕੂਲ ਲਾਇਬ੍ਰੇਰੀਅਨ ਤਰੱਕੀ ਨੂੰ ਬਾਰਡਰ ਅਤੇ ਨਾਨ ਬਾਰਡਰ ਸੀਨੀਆਰਤਾ ਸੂਚੀ ਤਿਆਰ ਕਰਨ ਦੇ ਨਾਂ ਉੱਤੇ ਜਾਣਬੁੱਝ ਕੇ ਲਟਕਾਉਣ ਕਾਰਨ ਸਬੰਧਿਤ ਕਰਮਚਾਰੀਆਂ ਵਿਚ ਨਿਰਾਸ਼ਾ ਅਤੇ ਸਰਕਾਰ ਪ੍ਰਤੀ ਰੋਸ
Punjab News–
ਸਰਕਾਰੀ ਸਕੂਲਜ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਕਾਰਜਕਾਰੀ ਸੂਬਾ ਜਨਰਲ ਸਕੱਤਰ ਨਰੰਜਣਜੋਤ ਸਿੰਘ ਚਾਂਦਪੁਰੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਮੇਂ ਤੋਂ ਹੁਣ ਤੱਕ ਵੱਖ -ਵੱਖ ਟੀਚਿੰਗ ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਗਾਤਾਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਪਰ ਐਸ ਐਲ ਏ/ਲਾਇਬ੍ਰੇਰੀ ਰਿਸਟੋਰਰ ਅਤੇ ਹੋਰ ਕੈਟਾਗਰੀਆਂ ਦੀ ਲਾਇਬ੍ਰੇਰੀਅਨ ਤਰੱਕੀ ਬਾਰੇ ਪਿਛਲੇ ਡੇਢ ਸਾਲ ਤੋਂ ਛੇਤੀ ਤਰੱਕੀ ਕਰਨ ਲਾਰੇ ਲੱਪੇ ਲਾਉਣ ਕਾਰਨ ਇਨ੍ਹਾਂ ਕੈਟਾਗਰੀਆਂ ਦੇ ਕਰਮਚਾਰੀ ਘੋਰ ਨਿਰਾਸ਼ਾ ਵਿਚ ਗੁਜ਼ਰ ਰਹੇ ਹਨ। ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿਚ ਨਾਨ ਟੀਚਿੰਗ ਕੈਟਾਗਰੀ ਦੇ ਵੱਖ -ਵੱਖ ਕਾਡਰਾਂ ਐਸ.ਐਲ. ਏ, ਲਾਇਬ੍ਰੇਰੀ ਰਿਸਟੋਰਰ ਅਤੇ ਦਰਜਾ ਚਾਰ) ਨਾਲ ਸਬੰਧਤ ਹਨ। ਸਾਡੇ ਕਾਡਰਾਂ ਦੇ ਕਈ ਸਾਥੀ ਗ੍ਰੈਜੂਏਟ ਅਤੇ ਬੀ.ਲਿਬ/ਐਮ .ਲਿਬ ਪਾਸ ਹਨ।
ਇਸ ਤੋਂ ਇਲਾਵਾ ਕੁਝ ਸਾਥੀ ਪੀਐੱਚ.ਡੀ.ਐਮ ਫਿਲ ਅਤੇ ਬੀ.ਐਡ ਦੀਆਂ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਵੀ ਹਨ। 2018 ਦੇ ਨਾਨ ਟੀਚਿੰਗ ਤਰੱਕੀ ਰੂਲਾਂ ਦੇ ਤਹਿਤ ਸਾਡੇ ਕਾਡਰਾਂ ਵਿਚੋਂ ਪੰਦਰਾਂ ਪ੍ਰਤੀਸ਼ਤ ਲਾਇਬ੍ਰੇਰੀਅਨ ਦੀ ਤਰੱਕੀ ਦੀ ਵਿਵਸਥਾ ਕੀਤੀ ਗਈ ਸੀ, ਜਿਸ ਤਹਿਤ ਵਿਭਾਗ ਵੱਲੋਂ 30 ਦਸੰਬਰ 2021 ਵਿਚ ਕੁਝ ਕਰਮਚਾਰੀਆਂ ਦੀ ਲਾਇਬ੍ਰੇਰੀਅਨ ਤਰੱਕੀ ਕੀਤੀ ਗਈ ਸੀ।
ਫਿਰ 6 ਦਸੰਬਰ 2023 ਨੂੰ ਦਸੰਬਰ 2021 ਦੀ ਤਰੱਕੀ ਤੋਂ ਵਾਂਝੇ ਰਹਿ ਗਏ ਕੇਵਲ 10 ਕੁ ਕਰਮਚਾਰੀਆਂ ਦੀ ਤਰੱਕੀ ਕਰਕੇ ਖ਼ਾਨਾਪੂਰਤੀ ਕਰ ਦਿੱਤੀ ਗਈ। ਇਸ ਸਮੇਂ ਕਈ ਸਕੂਲਾਂ ਵਿਚ ਲਾਇਬ੍ਰੇਰੀਅਨ ਦੀਆਂ ਪੋਸਟਾਂ ਖਾਲੀ ਪਈਆਂ ਹਨ। ਜਿਸ ਕਾਰਨ ਲਾਇਬ੍ਰੇਰੀ ਦੀਆਂ ਕੀਮਤੀ ਗਿਆਨ ਵਰਧਕ ਕਿਤਾਬਾਂ ਪੜ੍ਹਨ ਤੋਂ ਇਸ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀ ਵਾਂਝੇ ਹਨ ਤੇ ਕਈ ਸਕੂਲਾਂ ਵਿਚ ਅਧਿਆਪਕਾਂ ਨੂੰ ਹੀ ਲਾਇਬ੍ਰੇਰੀ ਦਾ ਵਾਧੂ ਚਾਰਜ ਦੇ ਬੁੱਤਾ ਸਾਰਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਇਸ ਕਾਰਨ ਪੜ੍ਹਾਈ ਦੇ ਕੰਮਾਂ ਦਾ ਹਰਜ਼ ਹੋ ਰਿਹਾ ਹੈ।
ਪਿਛਲੇ ਸਮਿਆਂ ਦੌਰਾਨ ਬਿਨਾਂ ਕਿਸੇ ਬਾਰਡਰ ਅਤੇ ਨਾਨ ਬਾਰਡਰ ਸੀਨੀਆਰਤਾ ਸੂਚੀ ਤਿਆਰ ਕੀਤੇ ਬਿਨਾਂ ਨਾਨ ਟੀਚਿੰਗ ਤੋਂ ਮਾਸਟਰ ਕਾਡਰ , ਮਾਸਟਰ ਤੋਂ ਲੈਕਚਰਾਰ ਕਲਰਕ ਤੋਂ ਸੀਨੀਅਰ ਸਹਾਇਕ/ਸੁਪਰਡੈਂਟ, ਦਰਜਾ ਚਾਰ ਤੋਂ ਐਸ.ਐਲ.ਏ ਲਾਇਬ੍ਰੇਰੀ ਰਿਸਟੋਰਰ ਵਿਚ ਤਰੱਕੀਆਂ ਹੋ ਚੁੱਕੀਆਂ ਹਨ ਅਤੇ ਹੋਰ ਟੀਚਿੰਗ ਕਾਡਰਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਇਨ੍ਹਾਂ ਕਰਮਚਾਰੀਆਂ ਦੇ ਵਫ਼ਦ ਪਿਛਲੇ ਸਾਲ ਤੋਂ ਕਈ ਵਾਰ ਨਿੱਜੀ ਰੂਪ ਵਿਚ ਵੀ ਅਤੇ ਰਜਿਸਟਰਡ ਡਾਕ ਰਾਹੀਂ ਵੀ ਡੀ ਪੀ ਆਈ, ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਨੂੰ ਤਰੱਕੀ ਸਬੰਧੀ ਕਈ ਵਾਰ ਮੰਗ ਪੱਤਰ ਦੇ ਚੁੱਕਾ ਹੈ ਕਿ ਲਾਇਬ੍ਰੇਰੀਅਨ ਤਰੱਕੀ ਦੀਆਂ ਯੋਗਤਾਵਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਦੀਆਂ ਛੇਤੀ ਤਰੱਕੀਆਂ ਕਰਨ ਬਾਰੇ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ ਜੀ। ਹਰ ਵਾਰ ਡੀ ਪੀ ਆਈ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਲਾਇਬਰੇਰੀਆਂ ਤਰੱਕੀਆਂ ਛੇਤੀ ਕੀਤੀਆਂ ਜਾਣਗੀਆਂ ਪਰ ਵਿਭਾਗ ਵੱਲੋਂ ਅਜੇ ਤੱਕ ਲਾਇਬ੍ਰੇਰੀਅਨ ਤਰੱਕੀ ਦੀ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਹੋਈ।
ਹੁਣ ਕਿਹਾ ਜਾ ਰਿਹਾ ਹੈ ਕਿ ਸਿੱਖਿਆ ਸਕੱਤਰ ਵੱਲੋਂ ਕਿਹਾ ਗਿਆ ਕਿ ਪਹਿਲਾਂ ਬਾਰਡਰ ਅਤੇ ਨਾਨ ਬਾਰਡਰ ਏਰੀਆ ਦੀ ਵੱਖਰੀ ਸੀਨੀਆਰਤਾ ਸੂਚੀ ਤਿਆਰ ਕਰਨੀ ਹੈ ਜੋ ਕਿ ਹੋਰ ਕਿਸੇ ਕਾਡਰ ਉੱਤੇ ਹੁਣ ਤੱਕ ਲਾਗੂ ਨਹੀਂ ਤੇ ਧੜਾਧੜ ਤਰੱਕੀਆਂ ਹੋ ਰਹੀਆਂ ਹਨ, ਪਰ ਕੇਵਲ ਇਸ ਵਰਗ ਨੂੰ ਨੂੰ ਬੇਵਜ੍ਹਾ ਵਿਭਾਗ ਵੱਲੋਂ ਤਰਕਹੀਣ ਦਲੀਲਾਂ ਦੇ ਕੇ ਲਾਇਬਰੇਰੀਅਨ ਤਰੱਕੀ ਨੂੰ ਪਿਛਲੇ ਦੋ ਸਾਲਾਂ ਤੋਂ ਲਟਕਾਇਆ ਜਾ ਰਿਹਾ ਹੈ। ਜਿਸ ਕਾਰਨ ਇਸ ਵਰਗ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਇਸ ਸਬੰਧੀ ਨਾਨ ਟੀਚਿੰਗ ਸਕੂਲ ਲਾਇਬ੍ਰੇਰੀਅਨ ਪ੍ਰਮੋਸ਼ਨ ਫਰੰਟ ਨਾਲ ਜੁੜੇ ਸਾਥੀਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਾਨ ਟੀਚਿੰਗ ਤੋਂ ਲਾਇਬ੍ਰੇਰੀਅਨ ਤਰੱਕੀ ਛੇਤੀ ਕਰਨ ਲਈ ਵਿਭਾਗ ਨੂੰ ਹਦਾਇਤ ਕਰਨ। ਜ਼ਿਕਰਯੋਗ ਹੈ ਕਿ ਲਾਇਬ੍ਰੇਰੀਅਨ ਤਰੱਕੀ ਵਾਲੇ ਕਰਮਚਾਰੀ ਦੂਜੇ ਕਾਡਰਾਂ ਦੀ ਤੁਲਨਾ ਘੱਟ ਗਿਣਤੀ ਵਿਚ ਹਨ ਤੇ ਇਨ੍ਹਾਂ ਦੀ ਤਰੱਕੀ ਦਾ ਸਰਕਾਰ ਉੱਤੇ ਬਹੁਤਾ ਵਿੱਤੀ ਬੋਝ ਵੀ ਨਹੀਂ ਪੈਣਾ।

