ਮੌਸਮ ਵਿਭਾਗ ਦਾ ਅਲਰਟ; ਪੰਜਾਬ ਦੇ 8 ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ
Weather Alert: ਮੋਗਾ, ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਵਿੱਚ ਪਵੇਗਾ ਭਾਰੀ ਮੀਂਹ
Weather Red Alert: ਮੌਸਮ ਵਿਭਾਗ ਨੇ ਪੰਜਾਬ ਦੇ 8 ਜਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਜਿਲ੍ਹਿਆਂ ਵਿੱਚ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਿਕ ਮੋਗਾ, ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਵਿੱਚ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।
ਉਥੇ ਹੀ ਦੂਜੇ ਪਾਸੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਲਈ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਰਾਵੀ, ਬਿਆਸ ਅਤੇ ਸਤਲੁਜ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੇ ਹਨ। ਕਈ ਜਗਾਵਾਂ ਤੋਂ ਧੁੱਸੀ ਬੰਨ੍ਹ ਟੁੱਟਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਹੜ੍ਹਾਂ ਕਰਨ ਦਾ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਜ਼ਿਲ੍ਹਿਆਂ ਵਿੱਚ ਹੋ ਰਿਹਾ ਹੈ, ਜਿਹੜੇ ਕੁੱਝ ਹਫਤੇ ਪਹਿਲਾਂ ਲੱਗੀ ਭਾਰਤ ਪਾਕਿਸਤਾਨ ਜੰਗ ਦੀ ਲਪੇਟ ਵਿੱਚ ਆਏ ਸਨ।
ਦਈਏ ਕਿ ਰਣਜੀਤ ਸਾਗਰ ਤੋਂ ਛੱਡੇ ਗਏ ਪਾਣੀ ਕਾਰਨ ਰਾਵੀ ਦਰਿਆ ਵਿੱਚ ਹੜ੍ਹ ਆ ਗਿਆ ਹੈ। ਇਸਦਾ ਪ੍ਰਭਾਵ ਪਠਾਨਕੋਟ ਵਿੱਚ ਜ਼ਿਆਦਾ ਮਹਿਸੂਸ ਕੀਤਾ ਗਿਆ। ਗੁਰਦਾਸਪੁਰ ਦੇ ਮਕੋੜਾ ਪਾਟਨ ਦੇ 7 ਪਿੰਡਾਂ ਦਾ ਭਾਰਤ ਨਾਲੋਂ ਸੰਪਰਕ ਟੁੱਟ ਗਿਆ ਹੈ।
ਇਸ ਦੇ ਨਾਲ ਹੀ ਭਾਖੜਾ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਸਤਲੁਜ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਸਤਲੁਜ ਦੇ ਪਾਣੀ ਦਾ ਪੱਧਰ ਆਮ ਬਣਿਆ ਹੋਇਆ ਹੈ। ਹਰੀਕੇ ਹੈੱਡਵਰਕਸ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਦੱਸਦੇ ਚੱਲੀਏ ਕਿ ਪਹਾੜਾਂ ਵਿਚ ਭਾਰੀ ਬਰਸਾਤ ਅਤੇ ਲੈਂਡਸਲਾਈਡ ਦੇ ਕਾਰਨ ਜਿੱਥੇ ਭਾਰੀ ਤਬਾਹੀ ਮਚੀ ਹੋਈ ਹੈ, ਉਥੇ ਹੀ ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਸੂਬੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿੱਥੇ ਭਾਰੀ ਮੀਂਹ ਪੈ ਰਿਹਾ ਹੈ, ਉਥੇ ਹੀ ਦਰਿਆਵਾਂ ਅਤੇ ਨਹਿਰਾਂ ਵਿਚ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਹੈ। ਦਰਿਆ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਪਿੰਡ ਤਬਾਹ ਕਰ ਰਹੇ ਨੇ। ਕਈ ਜਗ੍ਹਾਵਾਂ ਤੋਂ ਦਰਿਆਈ ਬੰਨ੍ਹਾਂ ਦੇ ਟੁੱਟਣ ਦੀਆਂ ਖ਼ਬਰਾਂ ਹਨ।

