ਗੈਰ ਵਾਜਿਬ ਓਬਜੈਕਸ਼ਨ ਲਗਾਉਣ ਦੀ ਬਜਾਏ ਤੁਰੰਤ ਲਾਭਪਾਤਰੀਆਂ ਦੇ ਬੱਚਿਆਂ ਦਾ ਵਜ਼ੀਫਾ ਜਾਰੀ ਕਰੇ ਬੋਰਡ

All Latest NewsNews FlashPunjab NewsTOP STORIES

 

 

ਲਾਭਪਾਤਰੀਆਂ ਨੂੰ ਉਨਾਂ ਦੇ ਹੱਕ ਦਿਵਾਉਣ ਲਈ ਪਿੰਡ- ਪਿੰਡ ਕੀਤਾ ਜਾਵੇਗਾ ਜਾਗ੍ਰਿਤ

ਜਲਾਲਾਬਾਦ (ਬਲਵਿੰਦਰ ਸਿੰਘ, ਰਣਬੀਰ ਕੌਰ ਢਾਬਾਂ)

ਲਾਭਪਾਤਰੀ ਉਸਾਰੀ ਕਿਰਤੀਆਂ ਦੇ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਏ ਵਜ਼ੀਫਿਆਂ ਨੂੰ ਜਾਰੀ ਕਰਨ ਦੀ ਬਜਾਏ,ਹਰ ਰੋਜ਼ ਨਵੇਂ ਓਬਜੈਕਸ਼ਨ ਲਗਾਏ ਜਾ ਰਹੇ ਹਨ। ਜਿਸ ਨਾਲ ਰੋਜ਼ ਬਰਹਾਂ ਦੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੇ ਉਸਾਰੀ ਕਿਰਤੀਆਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਡਾਕਟਰ ਬਲਵਿੰਦਰ ਘੁਬਾਇਆ ਨੇ ਪਿੰਡ ਚੱਕ ਖੀਵਾ ਅਤੇ ਪਿੰਡ ਢਾਣੀ ਬਚਨ ਸਿੰਘ ਉਰਫ ਚੱਕ ਖੀਵਾ ਵਿਖੇ ਉਸਾਰੀ ਕਿਰਤੀ ਲਾਭਪਾਤਰੀਆਂ ਅਤੇ ਨੌਜਵਾਨਾਂ ਦੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਸਮੇਂ ਕੀਤਾ। ਐਡਵੋਕੇਟ ਢਾਬਾਂ ਅਤੇ ਬਲਵਿੰਦਰ ਘੁਬਾਇਆ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਤਹਿਸੀਲ ਪੱਧਰ ‘ਤੇ ਕੰਮ ਕਰਨ ਵਾਲੇ ਕਿਰਤ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਗੈਰ ਵਾਜਿਬ ਇਤਰਾਜ਼ ਨਾ ਲਾਉਣ ਦੀ ਹਦਾਇਤ ਕਰੇ।

ਉਹਨਾਂ ਮੰਗ ਕਰਦਿਆਂ ਕਿਹਾ ਕਿ ਬੋਰਡ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਵਿਦਿਆਰਥੀਆਂ ਦੇ ਬੱਚਿਆਂ ਦੇ ਲੰਬਿਤ ਪਏ ਵਜੀਫਿਆਂ ਦੀ ਰਾਸ਼ੀ ਤੁਰੰਤ ਖਾਤਿਆਂ ਵਿੱਚ ਜਾਰੀ ਕਰਵਾਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਸੋਨਾ ਧੁਨਕੀਆਂ ਅਤੇ ਨੌਜਵਾਨ ਸਭਾ ਪਿੰਡ ਚੱਕ ਖੀਵਾ ਦੇ ਪ੍ਰਧਾਨ ਰਾਜ ਸਿੰਘ ਚੱਕ ਖੀਵਾ ਨੇ ਕਿਹਾ ਕਿ ਉਹ ਸਾਰੀ ਕਿਰਤੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਲਈ ਪਿੰਡ ਪਿੰਡ ਵਿੱਚ ਪਹੁੰਚ ਕਰਕੇ ਉਸਾਰੀ ਕਿਰਤੀ ਲਾਭਪਾਤਰੀਆਂ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਨੂੰ ਜਾਗ੍ਰਿਤ ਕੀਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਨਵੇਂ ਆਏ ਲੇਬਰ ਇੰਸਪੈਕਟਰਾਂ ਵੱਲੋਂ ਪਹਿਲਾਂ ਨਾਲੋਂ ਕੰਮ ਤੇਜ਼ੀ ਨਾਲ ਕਰਨਾ ਸ਼ੁਰੂ ਕੀਤਾ ਹੈ,ਪ੍ਰੰਤੂ ਅਜੇ ਵੀ ਕਈ ਕਮੀਆਂ ਕਮਜ਼ੋਰੀਆਂ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਵੀ ਲਾਭਪਾਤਰੀ ਉਸਾਰੀ ਕਿਰਤੀਆਂ ਦੀ ਲੁੱਟ ਕਰਨ ਵਾਲੇ ਦਲਾਲਾਂ ਦੀ ਕਿਰਤ ਦਫਤਰਾਂ ਵਿੱਚ ਫੇਰੀ ਆਮ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨੂੰ ਭਵਿੱਖ ਵਿੱਚ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਨੂੰ ਹੋਰਾਂ ਤੋਂ ਇਲਾਵਾ ਸੁਰਜੀਤ ਸਿੰਘ,ਬਲਵਿੰਦਰ ਸਿੰਘ,ਬਿਸ਼ੰਬਰ ਸਿੰਘ,ਰਿੰਕੂ ਸਿੰਘ,ਭੋਲਾ ਸਿੰਘ ਅਤੇ ਸੁਨੀਲ ਸਿੰਘ ਢਾਣੀ ਬਚਨ ਸਿੰਘ ਨੇ ਵੀ ਸੰਬੋਧਨ ਕੀਤਾ।

 

Media PBN Staff

Media PBN Staff