ਤਰਨਤਾਰਨ ਤੋਂ ਵੱਡੀ ਖ਼ਬਰ! ਅੰਮ੍ਰਿਤਪਾਲ ਦੀ ਪਾਰਟੀ ਦੇ ਸੀਨੀਅਰ ਲੀਡਰ ‘ਤੇ ਪੈਟਰੋਲ ਬੰਬ ਨਾਲ ਹਮਲਾ?
Punjab News-
ਤਰਨਤਾਰਨ ਜ਼ਿਮਨੀ ਚੋਣ ਨੂੰ ਲੈਕੇ ਵੱਖੋ ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਐਮਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਸੁਖਦੇਵ ਸਿੰਘ ਉੱਪਰ ਅੰਮ੍ਰਿਤਸਰ ਹਾਈਵੇਅ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਸੁਖਦੇਵ ਸਿੰਘ ਦੀ ਗੱਡੀ ‘ਤੇ ਪੈਟਰੋਲ ਬੰਬ ਨੁਮਾ ਚੀਜ਼ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਗੱਡੀ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ।
ਸੁਖਦੇਵ ਸਿੰਘ ਨੇ ਜੱਦੋਜਹਿਦ ਨਾਲ ਆਪਣੀ ਜਾਨ ਬਚਾਈ, ਪਰ ਇਸ ਦੌਰਾਨ ਉਹ ਅੱਗ ਦੀਆਂ ਲਪਟਾਂ ਵਿੱਚ ਝੁਲਸ ਗਏ। ਸੁਖਦੇਵ ਸਿੰਘ ਇਸ ਵਕਤ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਵਾਰਸ ਪੰਜਾਬ ਜਥੇਬੰਦੀ ਦੇ ਆਗੂ ਤਰਸੇਮ ਸਿੰਘ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਸ ਮਾਮਲੇ ਵਿੱਚ ਦਖਲ ਦੇ ਕੇ ਨਿਰਪੱਖਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਸ਼ੱਕ ਜਤਾਇਆ ਹੈ ਕਿ ਇਹ ਹਮਲਾ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਕਿਸੇ ਵਿਰੋਧੀ ਪਾਰਟੀ ਵੱਲੋਂ ਕੀਤਾ ਗਿਆ ਹੋ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

