ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ
ਚੰਡੀਗੜ੍ਹ/ਸੰਗਰੂਰ
ਕਬੱਡੀ ਜਗਤ ਤੋਂ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਫਤਿਹਗੜ੍ਹ ਸਾਹਿਬ ਦੇ ਰੂਪਾਹੇੜੀ ਪਿੰਡ ‘ਚ ਇੱਕ ਟੂਰਨਾਮੈਂਟ ਖੇਡਣ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਦੱਸ ਦਈਏ ਕਿ ਬਿੱਟੂ ਬਲਿਆਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਟੂ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੇ 3 ਸਟੈਂਟ ਵੀ ਪਏ ਹੋਏ ਸਨ।
ਡਾਕਟਰਾਂ ਨੇ ਉਨ੍ਹਾਂ ਨੂੰ ਨਾ ਖੇਡਣ ਦੀ ਸਖ਼ਤ ਚੇਤਾਵਨੀ ਦਿੱਤੀ ਸੀ, ਕਿਉਂਕਿ ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ।
ਸਾਥੀਆਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਬਿੱਟੂ ਦੇ ਘਰ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਸੀ। ਇਸੇ ਮਜਬੂਰੀ ਕਾਰਨ, ਉਨ੍ਹਾਂ ਨੂੰ ਡਾਕਟਰਾਂ ਦੀ ਚੇਤਾਵਨੀ ਦੇ ਬਾਵਜੂਦ ਆਪਣੀ ਜਾਨ ਜੋਖਮ ‘ਚ ਪਾ ਕੇ ਖੇਡਣਾ ਪੈ ਰਿਹਾ ਸੀ।
ਪਰਿਵਾਰ ‘ਚ ਹੁਣ ਸਿਰਫ਼ ਪਤਨੀ ਅਤੇ ਭੈਣ
ਬਿੱਟੂ ਬਲਿਆਲ ਦੇ ਪਰਿਵਾਰ ‘ਚ ਹੁਣ ਉਨ੍ਹਾਂ ਦੀ ਧਰਮ ਪਤਨੀ ਅਤੇ ਇੱਕ ਭੈਣ ਹੀ ਰਹਿ ਗਏ ਹਨ। ਉਨ੍ਹਾਂ ਦੇ ਮਾਤਾ-ਪਿਤਾ ਅਤੇ ਭਰਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਬਿੱਟੂ ਦੀ ਇਸ ਅਚਾਨਕ ਮੌਤ ਨਾਲ ਕਬੱਡੀ ਖੇਡ ਜਗਤ ‘ਚ ਸੋਗ ਦਾ ਮਾਹੌਲ ਹੈ।

