ਸੁਖਬੀਰ ਬਾਦਲ ਦਾ ਤਰਨਤਾਰਨ ‘ਚ ਚੋਣ ਪ੍ਰਚਾਰ ਦੌਰਾਨ ਵੱਡਾ ਬਿਆਨ, ਕਿਹਾ- ਦਿੱਲੀ ਦੇ ਲੁਟੇਰਿਆਂ ਦਾ ਭੋਗ ਪਾਉਣ ਲਈ ਉਲਟੀ ਗਿਣਤੀ ਦੀ ਸ਼ੁਰੂ

All Latest NewsNews FlashPolitics/ OpinionPunjab News

 

ਤਰਨ ਤਾਰਨ/ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨ ਤਾਰਨ ਦੇ ਵੋਟਰਾਂ ਨੂੰ ਅਪੀਲਕੀਤੀ ਕਿ ਉਹ ਆਮ ਆਦਮੀਪਾਰਟੀ (ਆਪ) ਵੱਲੋਂ ਵਿੱਢੀ ਦਮਨ ਦੀ ਨੀਤੀ ਵਿਰੁੱਧ ’ਫਤਵਾ’ ਦੇਣ ਅਤੇ ਇਸ ਹਲਕੇ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਯਕੀਨੀ ਬਣਾ ਕੇ ਇਤਿਹਾਸ ਸਿਰਜਣ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਜੰਡਿਆਲਾ ਗੁਰੂ ਚੌਂਕ ਤੋਂ ਬੋਹੜੀਵਾਲ ਚੌਂਕ ਤੱਕ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਨਾਲ ਮਿਲ ਕੇ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ, ਨੇ ਕਿਹਾ ਕਿ ਜਿਸ ਤਰੀਕੇ ਤੁਸੀਂ ਧਮਕੀਆਂ, ਝੂਠੇ ਕੇਸਾਂ ਦੇ ਦਰਜ ਹੋਣ ਅਤੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖੇ ਜਾਣ ਦੇ ਬਾਵਜੂਦ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕੀਤੀ, ਇਸਨੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਦਿੱਲੀ ਦੇ ਲੁਟੇਰਿਆਂ ਦਾ ਅੰਤ ਹੋਣ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਸਾਰਾ ਪੰਜਾਬ ਤਰਨ ਤਾਰਨ ਵੱਲ ਵੇਖ ਰਿਹਾ ਹੈ। ਉਹਨਾਂ ਕਿਹਾ ਕਿ ਇਕ ਵਾਰ ਆਪ ਦੀ ਇਸ ਸੀਟ ’ਤੇ ਹਾਰ ਹੋਣ ਨਾਲ ਕਿਸਾਨ ਪੱਖੀ ਤੇ ਗਰੀਬ ਪੱਖੀ ਅਕਾਲੀ ਦਲ ਦੀ ਸਰਕਾਰ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦਾ ਰੋਡ ਸ਼ੋਅ ’ਤੇ ਸਾਰੇ ਰਸਤੇ ਲੋਕਾਂ ਨੇ ਲਾਮਿਸਾਲ ਸਵਾਗਤ ਕੀਤਾ ਅਤੇ ਅੱਗੇ ਆ ਕੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਤੇ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਸਨਮਾਨਤ ਕੀਤਾ ਅਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ, ਨੇ ਕਿਹਾ ਕਿ ਆਪ ਸਰਕਾਰ ਦਾ ਭੋਗ ਪਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਮਾਝਾ ਦੇ ਲੋਕਾਂ ਨੂੰ ਜਾਵੇਗਾ। ਉਹਨਾਂ ਕਿਹਾ ਕਿ ਤੁਹਾਡੇ ਅੱਗੇ ਮੇਰਾ ਸਿਰ ਝੁਕਦਾ ਹੈ ਕਿਉਂਕਿ ਮੈਂ ਵੇਖਿਆ ਹੈ ਕਿ ਆਪ ਲੀਡਰਸ਼ਿਪ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਵੱਲੋਂ ਧਮਕਾਉਣ ਦੇ ਬਾਵਜੂਦ ਤੁਸੀਂ ਅਕਾਲੀ ਦਲ ਦੀ ਹਮਾਇਤ ਵਿਚ ਡਟੇ ਰਹੇ।

’ਸੁਖਬੀਰ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰਿਆਂ ਦੇ ਵਿਚਾਲੇ ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਜ਼ਬੂਤੀ ਨਾਲ ਡਟੇ ਰਹਿਣ ਅਤੇ ਕਿਹਾ ਕਿ ਚੋਣ ਕਮਿਸ਼ਨ ਨੇ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਵੱਲੋਂ ਅਕਾਲੀ ਲੀਡਰਸ਼ਿਪ ਖਿਲਾਫ ਝੂਠੇ ਕੇਸ ਦਾਇਰ ਕਰਨ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਉਹਨਾਂ ਖਿਲਾਫ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਜਿਹੜਾ ਵੀ ਅਫਸਰ ਕਾਨੂੰਨ ਨੂੰ ਆਪਣੇ ਹੱਥ ਵਿਚ ਲਵੇਗਾ ਤੇ ਆਪ ਦੇ ਕਹਿਣ ’ਤੇ ਗੈਰ ਕਾਨੂੰਨੀ ਕੰਮ ਕਰੇਗਾ, ਉਸਦਾ ਇਹੀ ਹਸ਼ਰ ਹੋਵੇਗਾ। ਉਹਨਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਜਿਸਨੇ ਤਰਨ ਤਾਰਨ ਵਿਚ ਲੋਕਤੰਤਰ ਦੀ ਰਾਖੀ ਕੀਤੀ ਹੈ।

ਅਕਾਲੀ ਦਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਅਤੇ ਗਰੀਬਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਮੁਫਤ ਬਿਜਲੀ ਦੀ ਸ਼ੁਰੂਆਤ ਕੀਤੀ। ਅਸੀਂ ਆਟਾ ਦਾਲ, ਸ਼ਗਨ, ਬੁਢਾਪਾ ਪੈਨਸ਼ਨ ਤੇ ਐਸ ਸੀ ਸਕਾਲਰਸ਼ਿਪ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਇਕ ਵਾਰ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀ਼ ਸਮਾਜ ਭਲਾਈ ਸਕੀਮਾਂ ਦਾ ਦਾਇਰਾ ਹੋਰ ਵਧਾਵਾਂਗੇ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਦੁੱਗਣੀ ਕੀਤੀ ਜਾਵੇਗੀ। ਅਸੀਂ ਸੂਬੇ ਵਿਚ ਹਰ ਪਰਿਵਾਰ ਲਈ ਪੱਕੇ ਮਕਾਨ ਯਕੀਨੀ ਬਣਾਵਾਂਗੇ। ਦੋ ਪਹੀਆ ਵਾਹਨਾਂ ’ਤੇ ਰੋਡ ਟੈਕਸ ਖਤਮ ਕੀਤਾ ਜਾਵੇਗਾ। ਇਸੇ ਤਰੀਕੇ ਸਿਰਫ ਪੰਜਾਬੀਆਂ ਨੂੰ ਹੀ ਸਰਕਾਰੀ ਨੌਕਰੀਆਂ ਦੇਣੀਆਂ ਲਾਜ਼ਮੀ ਕੀਤੀਆਂ ਜਾਣਗੀਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣੀ ਵਿਧਾਇਕਾ ਚੁਣ ਕੇ ਉਹ ਧਰਮੀ ਫੌਜੀ ਪਰਿਵਾਰਾਂ ਦਾ ਸਨਮਾਨ ਕਰਨ। ਉਹਨਾਂ ਕਿਹਾ ਕਿ ਸਾਨੂੰ ਸਭ ਕੁਝ ਉਹਨਾਂ ਕਰ ਕੇ ਮਿਲਿਆ ਹੈ ਜਿਹਨਾਂ ਨੇ ਪੰਥ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ। ਪਾਰਟੀ ਦੇ ਪ੍ਰਧਾਨ ਦੇ ਨਾਲ ਕੰਚਨਪ੍ਰੀਤ ਕੌਰ ਤੇ ਪਾਰਟੀ ਦੇ ਅਨੇਕਾਂ ਸੀਨੀਅਰ ਆਗੂ ਵੀ ਮੌਜੂਦ ਸਨ।

 

Media PBN Staff

Media PBN Staff