ਵੱਡੀ ਖ਼ਬਰ: ਅਕਾਲੀ ਲੀਡਰ ਕੰਚਨਪ੍ਰੀਤ ਕੌਰ ਰਿਹਾਅ! ਕੋਰਟ ਨੇ ਪੁਲਿਸ ਨੂੰ ਪਾਈ ਝਾੜ
ਤਰਨ ਤਾਰਨ ਅਦਾਲਤ ਦੇ ਦੇਰ ਰਾਤ ਹੁਕਮਾਂ ਮਗਰੋਂ ਵੱਡੇ ਤੜਕੇ ਕੰਚਨਪ੍ਰੀਤ ਕੌਰ ਪੁਲਿਸ ਹਿਰਾਸਤ ਵਿਚੋਂ ਰਿਹਾਅ
ਤਰਨ ਤਾਰਨ, 30 ਨਵੰਬਰ 2025 (Media PBN) :
ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅਦਾਲਤ ਦੇ ਵੱਲੋਂ ਦੇਰ ਰਾਤ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ।
ਦੱਸ ਦਈਏ ਕਿ, ਅਕਾਲੀ ਦਲ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਜਿੱਥੇ ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਸੀ, ਉਥੇ ਹੀ ਕਿਹਾ ਸੀ ਕਿ ਸਰਕਾਰ ਅਕਾਲੀ ਵਰਕਰਾਂ ਅਤੇ ਆਗੂਆਂ ਦੇ ਨਾਲ ਧੱਕਾ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਤਰਨ ਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਅਦਾਲਤ ਦੇ ਦੇਰ ਰਾਤ ਆਏ ਹੁਕਮਾਂ ਮਗਰੋਂ ਸਵੇਰੇ 4.00 ਵਜੇ ਪੰਜਾਬ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ ਗਿਆ।
ਰਿਹਾਅ ਹੋਣ ਮਗਰੋਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਤਰਨ ਤਾਰਨ ਅਦਾਲਤ ਵਿਚ ਰਾਤ 2.00 ਵਜੇ ਤੱਕ ਸੁਣਵਾਈ ਹੋਈ ਜਿਸ ਮਗਰੋਂ ਅਦਾਲਤ ਨੇ ਫੈਸਲਾ ਸੁਣਾਇਆ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਦੇਰ ਸ਼ਾਮ ਕੰਚਨਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਹਿਰਾਸਤ ਵਿਚੋਂ ਮੈਜਿਸਟਰੇਟ ਹਿਰਾਸਤ ਵਿਚ ਤਬਦੀਲ ਕੀਤਾ ਗਿਆ ਸੀ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਬੀਬੀ ਕੰਚਨਪ੍ਰੀਤ ਕੌਰ ਦੇ ਹੱਕ ਵਿੱਚ ਆਏ ਅਤੇ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਅਤੇ ਮੰਗ ਕੀਤੀ ਕਿ ਇਨਾ ਧੱਕਾ ਨਾ ਕੀਤਾ ਜਾਵੇ। ਲੰਘੇ ਦਿਨ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਵੱਲੋਂ ਵੀ ਲਾਈਵ ਹੋ ਕੇ ਆਪਣੀ ਸਰਕਾਰ ਨੂੰ ਘੇਰਦਿਆਂ ਜਿੱਥੇ ਪੰਜਾਬ ਪੁਲਿਸ ਤੇ ਗੰਭੀਰ ਦੋਸ਼ ਲਾਏ, ਉਥੇ ਹੀ ਭਗਵੰਤ ਮਾਨ ਅਤੇ ਕੇਜਰੀਵਾਲ ‘ਤੇ ਵੀ ਤਿੱਖੇ ਨਿਸ਼ਾਨੇ ਵਿੰਨੇ।

