Punjab News- BLOs ਨੂੰ ਮਿਲੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ‘ਚ ਡਿਊਟੀ ਤੋਂ ਛੋਟ
Punjab News- ਹੁਸ਼ਿਆਰਪੁਰ, 4 Dec 2025 (Media PBN) :
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਵਿੱਤ ਸਕੱਤਰ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਹੇਠ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ ਨੂੰ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ।
ਵਫ਼ਦ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਸੂਬੇ ਦੇ ਸਮੂਹ ਬੀ.ਐੱਲ.ਓਜ਼. ਨੂੰ ਬੀਤੇ ਕਈ ਮਹੀਨਿਆਂ ਤੋਂ ਵੋਟਰ ਸੂਚੀਆਂ ਦੀ ਸੂਖਮ ਸੁਧਾਈ ਦੇ ਕੰਮ ਉੱਤੇ ਲਗਾਇਆ ਹੋਇਆ ਹੈ ਜੌ ਕਿ ਬਹੁਤ ਹੀ ਗੁੰਝਲਦਾਰ ਅਤੇ ਪੇਚੀਦਾ ਕੰਮ ਹੈ।
ਇਸ ਲਈ ਵਫ਼ਦ ਨੇ ਮੰਗ ਕੀਤੀ ਕਿ ਬੀ.ਐੱਲ.ਓਜ਼. ਨੂੰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿੱਚ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਪਤੀ ਪਤਨੀ ਮੁਲਜ਼ਮ ਜੋੜਿਆਂ ਵਿੱਚੋਂ ਵੀ ਬੱਚਿਆਂ ਅਤੇ ਪਰਿਵਾਰਾਂ ਦੀ ਦੇਖਰੇਖ ਲਈ ਇੱਕ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ਲਈ ਦੂਰ ਦੁਰਾਡੇ ਭੇਜਣ ਨਾਲੋਂ ਉਨ੍ਹਾਂ ਦੀ ਡਿਊਟੀ ਉਨ੍ਹਾਂ ਦੇ ਪਿਤਰੀ ਬਲਾਕਾਂ ਵਿੱਚ ਹੀ ਲਗਾਈ ਜਾਵੇ ਅਤੇ ਚੋਣ ਅਮਲੇ ਉੱਤੇ ਤਾਇਨਾਤ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਅਗਲੇ ਦਿਨ ਦੀ ਛੁੱਟੀ ਦਿੱਤੀ ਜਾਵੇ। ਡੀ.ਡੀ.ਪੀ.ਓ. ਸੰਦੀਪ ਸਿੰਘ ਨੇ ਵਫ਼ਦ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ।
ਇਸ ਵਫ਼ਦ ਵਿੱਚ ਪ੍ਰੈੱਸ ਸਕੱਤਰ ਡਾ. ਸੰਜੀਵ ਕਲਸੀ, ਬਲਜੀਤ ਸਿੰਘ ਮਹਿਮੋਵਾਲ, ਜੁਆਇੰਟ ਸਕੱਤਰ ਪ੍ਰਵੀਨ ਸ਼ੇਰਪੁਰ, ਪੀ.ਪੀ.ਪੀ.ਐੱਫ਼. ਦੇ ਜ਼ਿਲ੍ਹਾ ਵਿੱਤ ਸਕੱਤਰ ਨੰਦ ਰਾਮ, ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਬਲਕਾਰ ਸਿੰਘ ਮਘਾਣੀਆਂ ਅਤੇ ਬਲਬੀਰ ਸਿੰਘ ਧਾਮੀ ਆਦਿ ਆਗੂ ਵੀ ਸ਼ਾਮਿਲ ਸਨ।

