ਪੰਜਾਬ ਸਰਕਾਰ ਵੱਲੋਂ ਰੈਗੂਲਰ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਦਾ ਫ਼ੈਸਲਾ!

All Latest NewsGeneral NewsNews FlashPunjab NewsTop BreakingTOP STORIES

 

ਚੰਡੀਗੜ੍ਹ, 8 ਦਸੰਬਰ 2025-

ਪੰਜਾਬ ਸਰਕਾਰ ਇੱਕ ਨਵੇਂ ਵਿਵਾਦ ਵਿੱਚ ਘਿਰਦੀ ਹੋਈ ਨਜ਼ਰੀ ਆ ਰਹੀ ਹੈ। ਦਰਅਸਲ, ਹੁਣ ਸਰਕਾਰ ਨੇ ਰੈਗੂਲਰ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦਾ ਫੈਸਲਾ ਕੀਤਾ ਹੈ। ਜਿਸ ਦੀ ਸਮੂਹ ਅਧਿਆਪਕ ਭਾਈਚਾਰੇ ਦੇ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਜੁਲਾਈ 2020 ਤੋਂ ਬਾਅਦ ਭਰਤੀ ਰੈਗੂਲਰ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਪੇਅ ਸਕੇਲ ਨੂੰ ਬਹਾਲ ਕਰਵਾਉਣ ਲਈ ਜ਼ਮੀਨੀ ਤੇ ਕਾਨੂੰਨੀ ਲੜਾਈ ਲਗਾਤਾਰ ਲੜੀ ਜਾ ਰਹੀ ਹੈ। ਜਿਸ ਵਿਚ ਸੌਰਭ ਸ਼ਰਮਾ ਤੇ ਹੋਰ ਕੇਸਾਂ ਵਿਚ ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸਰਵਿਸ ਰੂਲਾਂ ਦੇ ਆਧਾਰ ’ਤੇ ਪੰਜਾਬ ਸਕੇਲ ਲਾਗੂ ਕਰਨ ਦੀ ਹਦਾਇਤ ਕੀਤੀ ਤੇ ਸਰਕਾਰ ਵੱਲੋਂ ਪੰਜਾਬ ਸਕੇਲ ਲਾਗੂ ਕਰਨ ਲਈ ਜਿੱਥੇ ਵੱਖ-ਵੱਖ ਹੁਕਮ ਤੇ ਪੱਤਰ ਜਾਰੀ ਕੀਤੇ, ਉੱਥੇ ਹੀ 3 ਅਕਤੂਬਰ ਨੂੰ ਜਾਰੀ ਕੀਤੇ ਪੱਤਰ ਨੇ ਰੈਗੂਲਰ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ।

ਕੋਰਟ ਦੇ ਹੁਕਮਾਂ ਨੂੰ ਲੁਕਵੇਂ ਰੂਪ ’ਚ ਲਾਗੂ ਕਰਵਾਉਣ ਲਈ ਸਰਕਾਰ ਨੇ ਇਕ ਹੋਰ ਕਾਢ ਕੱਢੀ। ਜਿਸ ਤਹਿਤ 2018 ਦੇ ਸਰਵਿਸ ਨਿਯਮਾਂ ਅਨੁਸਾਰ ਪਰਖ਼ ਕਾਲ ’ਚ ਨੌਕਰੀ ਕਰ ਰਹੇ 6635, 4161, 5994, 2364 ਅਧਿਆਪਕਾਂ ਤੇ 10300 ਰੁਪਏ ਦੀ ਨਿਗੂਣੀ ਤਨਖਾਹ ਜੋ ਕਿ ਡੀਸੀ ਰੇਟ ਤੋਂ ਵੀ ਘੱਟ ਬਣਦੀ ਹੈ ਥੋਪੀ ਜਾ ਰਹੀ ਹੈ। ਜਿਸ ਵਜ੍ਹਾ ਕਰਕੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ।

ਪਰਖ਼ ਕਾਲ ਦੇ ਵਿਚ ਮੁਲਾਜਮਾਂ ਦੀ ਘੱਟੋ ਘੱਟ ਤਨਖਾਹ 40 ਹਜ਼ਾਰ ਤੋਂ ਜਿਆਦਾ ਬਣਦੀ ਹੈ, ਉਥੇ ਇਸ ਤਰੀਕੇ ਨਾਲ ਤਨਖਾਹਾਂ ਘੱਟ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ ਜੋ, ਕਿ ਨਾ ਸਹਿਣਯੋਗ ਹੈ ਅਤੇ ਯੂਨੀਅਨ ਕਦੇ ਵੀ ਸਰਕਾਰ ਦੇ ਇਸ ਨਾਦਰਸ਼ਾਹੀ ਹੁਕਮ ਨੂੰ ਪੱਕੇ ਤੌਰ ’ਤੇ ਲਾਗੂ ਨਹੀਂ ਹੋਣ ਦੇਵੇਗੀ।

ਈਟੀਟੀ 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਵਿੱਤ ਸਕੱਤਰ ਨਿਰਮਲ ਜ਼ੀਰਾ ਤੇ ਮੀਤ ਪ੍ਰਧਾਨ ਕੁਲਦੀਪ ਖੋਖਰ ਅਤੇ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ਼ ਨੇ ਸਰਕਾਰ ਦੇ ਇਸ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਭਵਿੱਖ ਵਿਚ ਜ਼ਮੀਨੀ ਸੰਘਰਸ਼ ਨੂੰ ਤੇਜ਼ ਅਤੇ ਤਿੱਖਾ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ।

ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਵੱਖ-ਵੱਖ ਕੇਸਾਂ ਦੀ ਅਗਲੀ ਸੁਣਵਾਈ 10 ਦਸੰਬਰ ਹੈ, ਜੇਕਰ ਸਰਕਾਰ ਛੇਵਾਂ ਪੰਜਾਬ ਸਕੇਲ ਪੂਰਨ ਰੂਪ ਵਿਚ ਲਾਗੂ ਕਰਨ ਲਈ ਸਹਿਮਤ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਦਾ ਹਰ ਫਰੰਟ ’ਤੇ 6635 ਅਧਿਆਪਕ ਯੂਨੀਅਨ ਅਤੇ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਵਿਰੋਧ ਕੀਤਾ ਜਾਵੇਗਾ।

ਇਸ ਸਮੇਂ ਈਟੀਟੀ 6635 ਅਧਿਆਪਕ ਯੂਨੀਅਨ ਤੋਂ ਸਟੇਟ ਕਮੇਟੀ ਮੈਬਰ ਰਾਜ ਸੁਖਵਿੰਦਰ, ਜਰਨੈਲ ਨਾਗਰਾ, ਰਵਿੰਦਰ ਕੰਬੋਜ਼,ਮਨਦੀਪ ਬਟਾਲਾ, ਸੁਮਿਤ ਕੰਬੋਜ਼, ਬੂਟਾ ਸਿੰਘ, ਜੱਗਾ ਬੋਹਾ, ਦੇਸ ਰਾਜ, ਦਾਨਿਸ਼ ਭੱਟੀ, ਪਰਮਿੰਦਰ ਸਿੰਘ ਅਤੇ ਦੀਪ ਬਨਾਰਸੀ ਆਦਿ ਆਗੂ ਮੌਜੂਦ ਸਨ।

 

Media PBN Staff

Media PBN Staff