ਘੋਰ-ਲਾਪਰਵਾਹੀ! ਮ੍ਰਿਤਕ ਅਤੇ ਰਿਟਾਇਰਡ ਅਧਿਆਪਕਾਂ ਦੀ ਵੀ ਲਗਾ’ਤੀ ਚੋਣ ਡਿਊਟੀ
ਘੋਰ-ਲਾਪਰਵਾਹੀ! ਮ੍ਰਿਤਕ ਅਤੇ ਰਿਟਾਇਰਡ ਅਧਿਆਪਕਾਂ ਦੀ ਵੀ ਲਗਾ’ਤੀ ਚੋਣ ਡਿਊਟੀ
ਪਟਿਆਲਾ, 11 ਦਸੰਬਰ 2025 (Media PBN) –
ਭਗਵੰਤ ਮਾਨ ਸਰਕਾਰ ਦੀ ਬੌਖਲਾਹਟ ਤੋਂ ਬਾਅਦ ਹੁਣ ਇਸੇ ਸਰਕਾਰ ਦੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਨੇ ਘੋਰ ਲਾਪਰਵਾਹੀ ਵਰਤਦਿਆਂ ਮ੍ਰਿਤਕ ਅਤੇ ਰਿਟਾਇਰਡ ਅਧਿਆਪਕਾਂ ਦੀ ਵੀ ਚੋਣਾਂ ਵਿੱਚ ਡਿਊਟੀ ਲਗਾ ਦਿੱਤੀ, ਉਥੇ ਹੀ ਡਿਊਟੀ ਉੱਤੇ ਹਾਜ਼ਰ ਨਾ ਹੋਣ ਵਾਲੇ (ਮ੍ਰਿਤਕ ਅਤੇ ਰਿਟਾਇਰਡ) ਅਧਿਆਪਕਾਂ ਨੂੰ ‘ਕਾਰਨ ਦੱਸੋ ਨੋਟਿਸ’ ਵੀ ਜਾਰੀ ਕਰ ਦਿੱਤੇ। ਇਹ ਸਾਰਾ ਮਾਮਲਾ ਪਟਿਆਲਾ ਨਾਲ ਜੁੜਿਆ ਹੋਇਆ ਹੈ।
ਇਸ ਨੂੰ ਲੈ ਕੇ ਅਧਿਆਪਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਅਧਿਆਪਕਾਂ ਨੇ ਪਟਿਆਲਾ ADC ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਵਿਵਾਦ ਵਧਣ ਤੋਂ ਬਾਅਦ ਰਿਟਰਨਿੰਗ ਅਫਸਰ ਵਿਨੀਤ ਕੁਮਾਰ ਨੇ ਕਿਹਾ ਸਾਡੇ ਕੋਲ ਚੋਣ ਦਫਤਰ ਵੱਲੋਂ ਜੋ ਵੇਰਵੇ ਭੇਜੇ ਗਏ ਹਨ, ਉਨ੍ਹਾਂ ਦੇ ਆਧਾਰ ‘ਤੇ ਸਾਡੇ ਵੱਲੋਂ ਰਿਹਰਸਲ ਵਿੱਚ ਨਾ ਪੁੱਜਣ ਵਾਲੇ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਬੰਧਤ ਵਿਅਕਤੀ ਦੀ ਅਸਲ ਸਥਿਤੀ ਬਾਰੇ ਸਪੱਸ਼ਟ ਹੁੰਦਾ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਚੋਣ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਨੀਤੂ ਅਤੇ ਗੁਰਮੀਤ ਕੌਰ ਨਾਮ ਦੀਆਂ ਦੋ ਅਧਿਆਪਕਾਵਾਂ ਦਾ ਨਾਮ ਚੋਣ ਡਿਊਟੀ ਵਿੱਚ ਸ਼ਾਮਿਲ ਸੀ।
ਹੈਰਾਨੀਜਨਕ ਤੱਥ ਇਹ ਹੈ ਕਿ ਅਧਿਆਪਕਾ ਨੀਤੂ ਦੀ ਮੌਤ ਇਸੇ ਸਾਲ 9 ਜਨਵਰੀ 2025 ਨੂੰ ਹੋ ਚੁੱਕੀ ਹੈ ਜਦੋਂ ਕਿ ਦੂਜੀ ਅਧਿਆਪਕਾ ਗੁਰਮੀਤ ਕੌਰ ਜੋ ਅਪ੍ਰੈਲ 2025 ਵਿੱਚ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਗੁਰਮੀਤ ਕੌਰ ਨੇ ਪਰੇਸ਼ਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਕਰੀਬ ਅੱਠ ਮਹੀਨੇ ਪਹਿਲਾਂ ਸੇਵਾ ਮੁਕਤ ਹੋ ਚੁੱਕੀ ਹੈ।
ਪਰ ਬੀਤੇ ਦਿਨੀਂ ਉਨ੍ਹਾਂ ਨੂੰ ਚੋਣ ਡਿਊਟੀ ਦੀ ਰਿਹਰਸਲ ਲਈ ਪੱਤਰ ਪ੍ਰਾਪਤ ਹੋਇਆ, ਜਦੋਂ ਉਹ ਅੱਠ ਦਸੰਬਰ ਨੂੰ ਸਰਕਾਰੀ ਆਈਟੀਆਈ ਨਾਭਾ ਰੋਡ ਵਿਖੇ ਹੋਈ ਰਿਹਰਸਲ ਵਿੱਚ ਸ਼ਾਮਿਲ ਨਹੀਂ ਹੋਏ ਤਾਂ, ਪ੍ਰਸ਼ਾਸਨ ਵੱਲੋਂ ਇੱਕ ਸਖ਼ਤ ਪੱਤਰ ਜਾਰੀ ਕਰ ਦਿੱਤਾ ਗਿਆ।
ਇਸ ਪੱਤਰ ਵਿੱਚ ਉਨ੍ਹਾਂ ਨੂੰ ਚੋਣ ਅਧਿਕਾਰੀ ਕੋਲ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਅਤੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਸੰਬੰਧਿਤ ਵਿਭਾਗ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ। ਸੇਵਾ ਮੁਕਤ ਅਧਿਆਪਕਾਂ ਨੇ ਕਿਹਾ ਕਿ ਉਹ ਇਹਨਾਂ ਚਿੱਠੀਆਂ ਕਾਰਨ ਪਰੇਸ਼ਾਨ ਹਨ।
ਦੂਜੇ ਪਾਸੇ ਅਧਿਆਪਕਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅਧਿਆਪਕ ਕਦੇ ਵੀ ਆਪਣੀ ਡਿਊਟੀ ਤੋਂ ਨਹੀਂ ਭੱਜਦੇ, ਪਰ ਚੋਣ ਅਮਲੇ ਵੱਲੋਂ ਅੰਨ੍ਹੇਵਾਹ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ। ਉਨ੍ਹਾਂ ਦਾ ਦੋਸ਼ ਹੈ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਅਤੇ ਜਾਇਜ਼ ਮਜਬੂਰੀਆਂ ਵਾਲੇ ਅਧਿਆਪਕਾਂ ਵੱਲੋਂ ਦਸਤਾਵੇਜ਼ ਸਬੂਤ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਡਿਊਟੀਆਂ ਨਹੀਂ ਕੱਟੀਆਂ ਜਾ ਰਹੀਆਂ। ਦੂਜੇ ਪਾਸੇ ਮਿਰਤਕ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਚੋਣ ਡਿਊਟੀ ‘ਤੇ ਸੱਦਿਆ ਜਾ ਰਿਹਾ ਹੈ।
ਅਧਿਆਪਕਾਂ ਨੇ ਇਸ ਨੂੰ ਚੋਣ ਅਮਲੇ ਦੀ ਨਲਾਇਕੀ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਅਜਿਹੀਆਂ ਡਿਊਟੀਆਂ ਕੱਟ ਦੇਣੀਆਂ ਚਾਹੀਦੀਆਂ ਹਨ। ਹਾਲਾਂਕਿ ਅਧਿਆਪਕਾਂ ਦੇ ਇਸ ਰੋਸ ਨੂੰ ਵੇਖਦਿਆਂ ਏਡੀਸੀ ਦਫਤਰ ਦੇ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਜਾਇਜ਼ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਤੇ ਡਿਊਟੀਆਂ ਸਬੰਧੀ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਜਲਦ ਦੂਰ ਕੀਤਾ ਜਾਵੇਗਾ।

