ਅਧਿਆਪਕ ਨੇ ਜਾਂ ਮਸ਼ੀਨਾਂ? ਚੋਣ ਡਿਊਟੀ ਖਤਮ ਹੁੰਦਿਆਂ ਹੀ ਨਵਾਂ ਮੁਲਾਂਕਣ ਤਿਆਰ ਕਰਨ ਦੇ ਹੁਕਮ!
ਚੰਡੀਗੜ੍ਹ, 12 ਦਸੰਬਰ 2025 (ਮੀਡੀਆ PBN) –
14 ਦਸੰਬਰ ਨੂੰ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਇਹਨਾਂ ਚੋਣਾਂ ਵਿੱਚ ਲੱਗੀਆਂ ਹੋਈਆਂ ਹਨ। ਜਿੱਥੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਮੌਕਾ ਨਹੀਂ ਮਿਲ ਰਿਹਾ, ਉੱਥੇ ਹੀ ਦੂਜੇ ਪਾਸੇ ਸਰਕਾਰ ਅਤੇ ਚੋਣ ਕਮਿਸ਼ਨ ਨਿੱਤ ਨਵੇਂ ਹੁਕਮ ਜਾਰੀ ਕਰਕੇ ਅਧਿਆਪਕਾਂ ਨੂੰ ਪਰੇਸ਼ਾਨ ਕਰਨ ਵਿੱਚ ਰੁੱਝਿਆ ਹੋਇਆ ਹੈ।
ਚੋਣ ਕਮਿਸ਼ਨ ਕੋਲ ਖੁਦ ਦਾ ਤਾਂ ਸਟਾਫ ਹੈ ਨਹੀਂ ਅਤੇ ਉਹ ਬੱਚਿਆਂ ਦੀ ਪੜ੍ਹਾਈ ਖਰਾਬ ਕਰਕੇ ਅਧਿਆਪਕਾਂ ਨੂੰ ਚੋਣਾਂ ਕਰਵਾਉਣ ਵਿੱਚ ਲਗਾ ਰਿਹਾ ਹੈ। ਹੁਣ ਇੱਕ ਤਾਜ਼ਾ ਹੁਕਮ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਸਬੰਧੀ ਲਿਖਿਆ ਗਿਆ ਹੈ।
ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕਰਦਿਆਂ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਸਬੰਧੀ 19 ਦਸੰਬਰ ਤੱਕ ਰਿਪੋਰਟ ਭੇਜਣ ਲਈ ਕਿਹਾ ਹੈ।
ਆਪਣੇ ਪੱਤਰ ਵਿੱਚ ਸਿੱਖਿਆ ਵਿਭਾਗ ਨੇ ਲਿਖਿਆ ਹੈ ਕਿ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਲਈ ਦਸੰਬਰ 2025 ਵਿੱਚ ਕੀਤੇ ਜਾਣ ਵਾਲੇ ਮੁਲਾਂਕਣ ਦਾ ਸ਼ਡਿਊਲ ਪਹਿਲੀ ਤੋਂ ਪੰਜਵੀਂ ਤੱਕ 15 ਦਸੰਬਰ 2025 ਤੋਂ 19 ਦਸੰਬਰ 2025 ਤੱਕ ਮੁਕੰਮਲ ਕਰ ਲਿਆ ਜਾਵੇ।
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪ੍ਰਾਇਮਰੀ ਜਮਾਤਾਂ ਦਾ ਮੁਲਾਂਕਣ ਸਕੂਲ ਪੱਧਰ ‘ਤੇ ਸਕੂਲ ਮੁਖੀਆਂ ਦੁਆਰਾ ਨਿਰਧਾਰਤ ਵਿਸ਼ਾਵਾਰ ਮਿਤੀਆਂ ਅਨੁਸਾਰ ਕੀਤਾ ਜਾਵੇ, ਅਤੇ ਇਸ ਮੁਲਾਂਕਣ ਨੂੰ ਹਰ ਹਾਲਤ ਵਿੱਚ 19 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇ।
ਪਹਿਲੀ ਤੋਂ ਪੰਜਵੀਂ ਜਮਾਤ ਦੇ ਮੁਲਾਂਕਣ ਪੱਤਰ ਪਹਿਲਾਂ ਭੇਜੇ ਗਏ ਸੈਂਪਲ ਪੇਪਰ ਅਤੇ ਬਲੂ ਪ੍ਰਿੰਟ ਅਨੁਸਾਰ ਹੀ ਲੈਣਗੇ। ਅਧਿਆਪਕ ਇਸ ਮੁਲਾਂਕਣ ਦਾ ਨਤੀਜਾ ਤਿਆਰ ਕਰਕੇ ਰਿਕਾਰਡ ਸਕੂਲ ਪੱਧਰ ‘ਤੇ ਰੱਖਣਗੇ।


