Holiday Demand: ਪੰਜਾਬ ਦੇ ਮੁਲਾਜ਼ਮਾਂ/ਅਧਿਆਪਕਾਂ ਨੂੰ 15 ਦਸੰਬਰ ਦੀ ਛੁੱਟੀ ਦਿੱਤੀ ਜਾਵੇ- ਟੀਚਰ ਯੂਨੀਅਨ ਨੇ ਕੀਤੀ ਮੰਗ
Holiday Demand: ਪੰਜਾਬ ਦੇ ਮੁਲਾਜ਼ਮਾਂ/ਅਧਿਆਪਕਾਂ ਨੂੰ 15 ਦਸੰਬਰ ਦੀ ਛੁੱਟੀ ਦਿੱਤੀ ਜਾਵੇ- ਟੀਚਰ ਯੂਨੀਅਨ ਨੇ ਕੀਤੀ ਮੰਗ
ਚੰਡੀਗੜ੍ਹ, 14 ਦਸੰਬਰ 2025 (Media PBN) :
Holiday Demand: ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਚੋਣ ਅਮਲੇ ਲਈ 15 ਦਸੰਬਰ ਦੀ ਛੁੱਟੀ ਕਰਨ ਦੀ ਮੰਗ ਕੀਤੀ ਗਈ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਕਿਹਾ 90 ਫ਼ੀਸਦੀ ਤੋਂ ਵਧੇਰੇ ਸਕੂਲ ਅਧਿਆਪਕਾਂ ਸਮੇਤ ਬਹੁਤ ਸਾਰੇ ਹੋਰਨਾਂ ਵਿਭਾਗਾਂ ਦੇ ਕਰਮਚਾਰੀ ਪਿਛਲੇ 2 ਦਿਨਾਂ ਤੋਂ ਨਿਰੰਤਰ ਆਪਣੀ ਚੋਣ ਡਿਊਟੀ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਨੂੰ ਬੂਥਾਂ ‘ਤੇ ਚੋਣ ਪ੍ਰਕਿਰਿਆ ਖ਼ਤਮ ਹੋਣ ਉਪਰੰਤ ਚੋਣ ਅਮਲੇ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਨਾਲ ਸੰਬੰਧਿਤ ਬਕਸੇ ਤੇ ਹੋਰ ਜ਼ਰੂਰੀ ਸਾਮਾਨ ਜਮਾਂ ਕਰਵਾਉਣ ਲਈ ਅੱਧੀ ਰਾਤ ਤੱਕ ਸਮਾਂ ਲੱਗ ਜਾਣ ਦੀ ਪੂਰੀ ਸੰਭਾਵਨਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਚੋਣ ਡਿਊਟੀਆਂ ਦੂਰ ਦੁਰਾਡੇ ਲੱਗਣ ਕਾਰਨ ਕਰਮਚਾਰੀਆਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਤਾਂ ਸਵੇਰ ਹੀ ਹੋ ਜਾਣੀ ਹੈ।
ਇਸ ਲਈ ਉਨ੍ਹਾਂ ਦਾ ਕੱਲ੍ਹ ਆਪਣੀ ਡਿਊਟੀ ‘ਤੇ ਜਾਣਾ ਬਹੁਤ ਔਖਾ ਹੈ। ਇਸ ਲਈ ਉਨ੍ਹਾਂ ਦੀ ਜਥੇਬੰਦੀ ਮੰਗ ਕਰਦੀ ਹੈ ਕਿ ਕੱਲ੍ਹ ਭਾਵ ਸੋਮਵਾਰ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਠੰਢ ਦੇ ਇਸ ਮੌਸਮ ਵਿਚ ਚੋਣ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੁਝ ਰਾਹਤ ਮਿਲ ਸਕੇ।

