ਵੱਡੀ ਖ਼ਬਰ: ਸਿੱਖਿਆ ਵਿਭਾਗ ਨੇ ਅਧਿਆਪਕਾਂ ਬਾਰੇ ਲਿਆ ਸਖ਼ਤ ਫ਼ੈਸਲਾ
ਵੱਡੀ ਖ਼ਬਰ: ਸਿੱਖਿਆ ਵਿਭਾਗ ਨੇ ਅਧਿਆਪਕਾਂ ਬਾਰੇ ਲਿਆ ਸਖ਼ਤ ਫ਼ੈਸਲਾ
Punjabi News, 17 Dec 2025-
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 28 ਨਵੰਬਰ ਦੀ ਕੈਬਨਿਟ ਮੀਟਿੰਗ ਵਿੱਚ ਅਹਿਮ ਫ਼ੈਸਲਾ ਲਿਆ ਸੀ ਕਿ ਸਰਹੱਦੀ ਖਿੱਤੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ, ਨੂੰ ਪੂਰਾ ਕਰਨ ਵਾਸਤੇ ਜਲਦ ਰਣਨੀਤੀ ਬਣਾਈ ਜਾਵੇਗੀ।
ਮਾਨ ਸਰਕਾਰ ਦੁਆਰਾ ਲਏ ਗਏ ਫ਼ੈਸਲੇ ਤੇ ਗੌਰ ਕਰਦਿਆਂ ਹੋਇਆ ਸਿੱਖਿਆ ਵਿਭਾਗ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਹੁਣ ਡੈਪੂਟੇਸ਼ਨ ਰਾਹੀਂ ਸਿਫ਼ਾਰਸ਼ ਦੇ ਆਧਾਰ ’ਤੇ ਆਪਣੇ ਮੁੱਢਲੇ ਸਕੂਲ ਛੱਡ ਕੇ ਚੰਡੀਗੜ੍ਹ ਜਾਂ ਉਸ ਦੇ ਆਲੇ-ਦੁਆਲੇ ਦੇ ਸਕੂਲਾਂ ’ਚ ਤਾਇਨਾਤ ਹਨ, ਨੂੰ ਨਵੇਂ ਸਾਲ ’ਚ ਆਪਣੇ ਮੁੱਢਲੇ ਸਕੂਲ ’ਚ ਮੁੜਨਾ ਪਵੇਗਾ।
ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਸਰਕਾਰ ਨੇ ਪੇਂਡੂ ਹਲਕਿਆਂ, ਖ਼ਾਸ ਤੌਰ ’ਤੇ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ’ਚ ਖਾਲੀ ਪਏ ਅਹੁਦਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਹੈ। ਸਾਰਿਆਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ, ਉਸ ਤੋਂ ਬਾਅਦ ਸਾਰਿਆਂ ਨੂੰ ਆਪੋ-ਆਪਣੇ ਸਕੂਲ ’ਚ ਵਾਪਸ ਜਾਣਾ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੀ ਤਜਵੀਜ਼ ਨੂੰ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਸੂਤਰਾਂ ਮੁਤਾਬਕ, ਮੋਹਾਲੀ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਵਰਗੇ ਜ਼ਿਲ੍ਹਿਆਂ ’ਚ ਸਾਲਾਂ ਤੋਂ ਡੈਪੂਟੇਸ਼ਨ ’ਤੇ ਤਾਇਨਾਤ ਲਗਪਗ 640 ਸੀਨੀਅਰ ਸੈਕੰਡਰੀ ਅਧਿਆਪਕ-ਜਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਦੀ ਹੈ, ਨੂੰ 31 ਦਸੰਬਰ ਤੱਕ ਕੰਮ ਮੁਕਤ ਕੀਤਾ ਜਾਵੇਗਾ। ਇਹ ਅਧਿਆਪਕ ਇਕ ਜਨਵਰੀ 2026 ਤੋਂ ਆਪਣੀ ਮੁੱਢਲੀ ਤਾਇਨਾਤੀ ਵਾਲੇ ਸਕੂਲਾਂ ’ਚ ਯੋਗਦਾਨ ਦੇਣਗੇ।

