PSEB ਦਾ ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਵੱਡਾ ਫੈਸਲਾ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦਾ ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਵੱਡਾ ਫੈਸਲਾ
Mohali, 17 Dec 2025 (media pbn)
ਅਜੋਕੇ ਸਮਾਜ ਵਿੱਚ ਕੰਪਿਊਟਰ ਅਤੇ ਡਿਜੀਟਲ ਸਾਖਰਤਾ ਦੀ ਵੱਧਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਕੰਪਿਊਟਰ ਸਾਇੰਸ ਵਿਸ਼ੇ ਨੂੰ ਪੜ੍ਹਾਉਣ ਅਤੇ ਮੁਲਾਂਕਣ ਵਿੱਚ ਮਹੱਤਵਪੂਰਨ ਸੁਧਾਰ ਕਰਨ ਦਾ ਨਿਰਣਾ ਲਿਆ ਗਿਆ ਹੈ।
ਇਹ ਫੈਸਲਾ ਕੁੱਝ ਦਿਨ ਪਹਿਲਾਂ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਰਿਟਾ.) ਦੀ ਅਗਵਾਈ ਹੇਠ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ।
ਹਾਲਾਂਕਿ ਕੰਪਿਊਟਰ ਸਾਇੰਸ ਦਾ ਵਿਸ਼ਾ ਕਲਾਸ 6ਵੀਂ ਤੋਂ ਪਹਿਲਾਂ ਹੀ ਲਾਜ਼ਮੀ ਤੌਰ ਤੇ ਪੜਾਇਆ ਜਾ ਰਿਹਾ ਹੈ, ਪਰੰਤੂ ਇਹ ਸਿਰਫ਼ ਗ੍ਰੇਡਿੰਗ ਵਾਲਾ ਵਿਸ਼ਾ ਹੀ ਰਿਹਾ ਹੈ, ਇਸ ਵਿਸ਼ੇ ਦੇ ਨੰਬਰ ਵਿਦਿਆਰਥੀ ਦੇ ਸਮੁੱਚੇ ਅਕਾਦਮਿਕ ਪ੍ਰਦਰਸ਼ਨ ਨੂੰ ਮੁਕੰਮਲ ਰੂਪ ਵਿੱਚ ਪ੍ਰਤੀਬਿੰਬਤ ਨਹੀਂ ਕਰਦੇ ਸਨ।
ਕੰਪਿਊਟਰ ਸਾਇੰਸ ਵਿਸ਼ੇ ਦੇ ਕਲਾਸ 10ਵੀਂ ਅਤੇ 12ਵੀਂ ਲਈ ਪ੍ਰਸ਼ਨ ਪੱਤਰ ਤਿਆਰ ਕਰਨਾ ਅਤੇ ਮੁਲਾਂਕਣ ਹੁਣ ਬੋਰਡ ਦੁਆਰਾ ਖੁਦ ਹੀ ਕੀਤਾ ਜਾਵੇਗਾ, ਜਦੋਂ ਕਿ ਪਹਿਲਾਂ ਇਹ ਸਕੂਲ ਪੱਧਰ ‘ਤੇ ਕੀਤਾ ਜਾਂਦਾ ਸੀ।
ਹੁਣ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਦੁਆਰਾ ਲਈ ਜਾਵੇਗੀ ਤਾਂ ਜੋ ਇਮਤਿਹਾਨ ਲੈਣ ਦੇ ਅਸਲ ਉਦੇਸ਼ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਮੁਲਾਂਕਣ ਦੇ ਉੱਚ ਮਿਆਰ ਨੂੰ ਵੀ ਕਾਇਮ ਰੱਖਿਆ ਜਾ ਸਕੇ।
ਕੰਪਿਊਟਰ ਸਾਇੰਸ ਵਿਸ਼ੇ ਦੇ ਮੁਲਾਂਕਣ ਵਿੱਚ ਤਬਦੀਲੀ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਨਾਂ ਦਾ ਧਿਆਨ ਡਿਜੀਟਲਾਈਜ਼ੇਸ਼ਨ ਦੇ ਉਪਯੋਗ ਵੱਲ ਕੇਂਦਰਿਤ ਕਰਨਾ ਹੈ, ਜੋ ਰੋਜ਼ਮਰ੍ਹਾ ਦੇ ਜੀਵਨ ਅਤੇ ਭਵਿੱਖ ਵਿੱਚ ਰੋਜ਼ਗਾਰ ਹਾਸਿਲ ਕਰਨ ਲਈ ਜ਼ਰੂਰੀ ਹਨ।

