ਪੰਜਾਬ ‘ਚ ਠੰਡ ਦਾ ਕਹਿਰ; ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਬਜ਼ੁਰਗਾਂ ਤੇ ਬੱਚਿਆਂ ਨੂੰ ਇਹਤਿਆਤ ਵਰਤਣ ਦੀ ਸਲਾਹ
Punjab News, 20 ਦਸੰਬਰ 2025: ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੌਸਮ ਦੌਰਾਨ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਦੀ ਦਾ ਮੌਸਮ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਜਿਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਠੰਡ ਅਤੇ ਧੁੰਦ ਦੌਰਾਨ ਬਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਜਾਂ ਦੇਰ ਸ਼ਾਮ ਘਰ ਤੋਂ ਬਾਹਰ ਨਿਕਲਣ ਜਾਂ ਸੈਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੂੰ ਠੰਡ ਕਾਰਨ ਉਲਟੀ ਅਤੇ ਦਸਤ ਵੀ ਲੱਗ ਸਕਦੇ ਹਨ, ਇਸ ਲਈ ਛੋਟੇ ਬੱਚਿਆਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਾਉਣੇ ਚਾਹੀਦੇ ਹਨ ਅਤੇ ਨੰਗੇ ਪੈਰ ਨਹੀਂ ਚੱਲਣ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਘਰ ਦੇ ਕਿਸੇ ਵੀ ਬੰਦ ਕਮਰੇ ਵਿੱਚ ਅੱਗ ਨਾ ਬਾਲੋ ਕਿਉਂਕਿ ਬਲਦੀ ਅੱਗ ਕਾਰਨ ਕਾਰਬਨ ਮੋਨੋ ਆਕਸਾਈਡ ਗੈਸ ਪੈਦਾ ਹੁੰਦੀ ਹੈ ਅਤੇ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ, ਜੋ ਸਾਡੇ ਲਈ ਜਾਨਲੇਵਾ ਹੋ ਸਕਦੀ ਹੈ। ਡਾ. ਮਹੇਸ਼ ਪ੍ਰਭਾਕਰ ਨੇ ਦੱਸਿਆ ਕਿ ਸਰਦੀ-ਜ਼ੁਕਾਮ ਕਾਰਨ ਠੰਡ ਲੱਗਣਾ, ਬੁਖਾਰ ਹੋਣਾ ਅਤੇ ਕਾਂਬਾ ਛਿੜਨ ਦੇ ਲੱਛਣ ਹੋ ਸਕਦੇ ਹਨ।
ਸਰੀਰ ਦਾ ਤਾਪਮਾਨ ਘੱਟ ਹੋ ਜਾਵੇ, ਲੰਬੇ ਸਮੇਂ ਤੱਕ ਸਰਦੀ-ਜ਼ੁਕਾਮ ਅਤੇ ਸਰਦੀ ਕਾਰਨ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ, ਨੱਕ ਜਾਂ ਕੰਨ ਦੇ ਬਾਹਰੀ ਹਿੱਸੇ ‘ਤੇ ਛਾਲੇ ਹੋਣ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਟੀ.ਬੀ., ਸਾਹ ਦੇ ਰੋਗੀਆਂ ‘ਤੇ ਵਿਸ਼ੇਸ ਧਿਆਨ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸੂਪ, ਚਾਹ, ਕੌਫੀ ਵਰਗੀਆਂ ਗਰਮ ਚੀਜ਼ਾਂ ਅਤੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ।
ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਨੌਰਮਲ ਬਣਾਈ ਰੱਖਣ ਲਈ ਇੱਕ ਤੋਂ ਜ਼ਿਆਦਾ ਪਰਤਾਂ ਦੇ ਕੱਪੜੇ ਪਹਿਨੇ ਜਾਣੇ ਚਾਹੀਦੇ ਹਨ। ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਪੌਸ਼ਟਿਕ ਭੋਜਨ ਕਰਨਾ ਜ਼ਰੂਰੀ ਹੈ। ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਿਤ ਅੰਤਰਾਲ ‘ਤੇ ਜਾਂ ਲੋੜ ਅਨੁਸਾਰ ਗੁਨਗੁਨਾ ਪਾਣੀ ਪੀਣਾ ਚਾਹੀਦਾ ਹੈ।

