ਵੱਡੀ ਅਪਡੇਟ! ਪੰਜਾਬ ‘ਚ ਮਨਰੇਗਾ ਸਕੀਮ ਨਹੀਂ ਹੋਵੇਗੀ ਬੰਦ

All Latest NewsNews FlashPunjab NewsTop BreakingTOP STORIES

 

ਵੱਡੀ ਅਪਡੇਟ! ਪੰਜਾਬ ‘ਚ ਮਨਰੇਗਾ ਸਕੀਮ ਨਹੀਂ ਹੋਵੇਗੀ ਬੰਦ

ਮਨਰੇਗਾ ਸਬੰਧੀ ਡਿਪਟੀ ਸਪੀਕਰ ਰੌੜੀ ਵੱਲੋਂ ਕੀਤੀ ਗਈ ਅਹਿਮ ਮੀਟਿੰਗ

ਗੜ੍ਹਸ਼ੰਕਰ/ਹੁਸ਼ਿਆਰਪੁਰ, 27 ਦਸੰਬਰ 2025 (Media PBN):

ਮਨਰੇਗਾ ਸਕੀਮ ਨੂੰ ਲੈ ਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ, ਬਲਾਕ ਪੱਧਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਮਨਰੇਗਾ ਸਕੀਮ ਗ਼ਰੀਬ, ਮਜ਼ਦੂਰ ਅਤੇ ਪਿੰਡਾਂ ਦੇ ਵਾਸੀਆਂ ਲਈ ਜੀਵਨ ਰੇਖਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ।

ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਮਿਲਦਾ ਹੈ, ਜਿਸ ਨਾਲ ਪਿੰਡਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਸਕੀਮ ਸਿਰਫ਼ ਰੋਜ਼ਗਾਰ ਤੱਕ ਸੀਮਿਤ ਨਹੀਂ, ਸਗੋਂ ਪਿੰਡਾਂ ਦੇ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਹੈ। ਮਨਰੇਗਾ ਅਧੀਨ ਬਣ ਰਹੇ ਤਾਲਾਬ, ਪੱਕੀਆਂ ਪਗਡੰਡੀਆਂ, ਖਾਲੇ, ਸੜਕਾਂ ਅਤੇ ਹੋਰ ਵਿਕਾਸੀ ਕੰਮ ਪਿੰਡਾਂ ਦੀ ਤਸਵੀਰ ਬਦਲ ਰਹੇ ਹਨ।

ਮੀਟਿੰਗ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਮਨਰੇਗਾ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਹੱਕਦਾਰ ਮਜ਼ਦੂਰਾਂ ਨੂੰ ਕੰਮ ਤੋਂ ਵੰਚਿਤ ਨਾ ਰੱਖਿਆ ਜਾਵੇ।

ਡਿਪਟੀ ਸਪੀਕਰ ਰੌੜੀ ਨੇ ਮਜ਼ਦੂਰਾਂ ਦੀ ਮਜ਼ਦੂਰੀ ਦੇ ਭੁਗਤਾਨ ’ਤੇ ਖ਼ਾਸ ਜ਼ੋਰ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਮਿਹਨਤ ਦੀ ਕਮਾਈ ਮਿਲਣੀ ਚਾਹੀਦੀ ਹੈ। ਜੇ ਕਿਸੇ ਵੀ ਪੱਧਰ ’ਤੇ ਭੁਗਤਾਨ ਵਿੱਚ ਦੇਰੀ ਜਾਂ ਦਿੱਕਤ ਆਉਂਦੀ ਹੈ, ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਮਿਹਨਤ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਇਹ ਵੀ ਚਰਚਾ ਕੀਤੀ ਗਈ ਕਿ ਮਨਰੇਗਾ ਸਕੀਮ ਸਬੰਧੀ ਕੁਝ ਥਾਵਾਂ ’ਤੇ ਗ਼ਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਡਿਪਟੀ ਸਪੀਕਰ ਨੇ ਕਿਹਾ ਕਿ ਲੋਕ ਅਜਿਹੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਕਿਉਂਕਿ ਸਰਕਾਰ ਮਨਰੇਗਾ ਸਕੀਮ ਨੂੰ ਪੂਰੀ ਤਰ੍ਹਾਂ ਜਾਰੀ ਰੱਖਣ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਮਨਰੇਗਾ ਇਕ ਅਹਿਮ ਹਥਿਆਰ ਹੈ। ਇਸ ਨਾਲ ਪਿੰਡਾਂ ਤੋਂ ਸ਼ਹਿਰਾਂ ਵੱਲ ਹੋ ਰਹੀ ਮਾਈਗ੍ਰੇਸ਼ਨ ’ਤੇ ਵੀ ਰੋਕ ਲੱਗਦੀ ਹੈ ਅਤੇ ਲੋਕ ਆਪਣੇ ਪਿੰਡਾਂ ਵਿੱਚ ਰਹਿ ਕੇ ਇੱਜ਼ਤ ਨਾਲ ਰੋਜ਼ੀ-ਰੋਟੀ ਕਮਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਨੂੰ ਸਫ਼ਲ ਬਣਾਉਣ ਲਈ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਨਰੇਗਾ ਸਕੀਮ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮਜ਼ਦੂਰ ਵਰਗ ਦੇ ਹੱਕਾਂ ਦੀ ਹਰ ਪੱਧਰ ’ਤੇ ਰੱਖਿਆ ਕੀਤੀ ਜਾਵੇਗੀ।

 

Media PBN Staff

Media PBN Staff