….ਤੇ ਜਦੋਂ ਕੰਗਨਾ ਰਣੌਤ ਕਿਸਾਨਾਂ ਤੋਂ ਮੁਆਫ਼ੀਆਂ ਮੰਗਦੀ ਰਹੀ!, ਵੇਖੋ ਵੀਡੀਓ
ਕੰਗਨਾ ਰਣੌਤ ਕਈ ਵਾਰ ਪੰਜਾਬ ਦੀਆਂ ਕਿਸਾਨ ਔਰਤਾਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੀ ਹੈ….
ਗੁਰਪ੍ਰੀਤ, ਚੰਡੀਗੜ੍ਹ-
ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਇਕ ਮਹਿਲਾ CISF ਜਵਾਨ ਨੇ ਕਿਸਾਨਾਂ ਖਿਲਾਫ ਦਿੱਤੇ ਬਿਆਨ ‘ਤੇ ਥੱਪੜ ਮਾਰ ਦਿੱਤਾ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਕਿਸਾਨਾਂ ਦੇ ਮੁੱਦੇ ‘ਤੇ ਘਿਰੀ ਹੋਵੇ।
ਇਸ ਤੋਂ ਪਹਿਲਾਂ 3 ਦਸੰਬਰ 2021 ਨੂੰ ਵੀ ਕੰਗਨਾ ਰਣੌਤ ਦਾ ਕੀਰਤਪੁਰ ਸਾਹਿਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟੇ ਤੱਕ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਕੰਗਨਾ ਰਣੌਤ ਚੰਡੀਗੜ੍ਹ ਏਅਰਪੋਰਟ ਤੋਂ ਮਨਾਲੀ ਤੋਂ ਮੁੰਬਈ ਜਾ ਰਹੀ ਸੀ। ਸੂਚਨਾ ਮਿਲਣ ‘ਤੇ ਕਿਸਾਨਾਂ ਨੇ ਬੁੰਗਾ ਸਾਹਿਬ ਨੇੜੇ ਕੰਗਣਾ ਦੀ ਕਾਰ ਨੂੰ ਘੇਰ ਲਿਆ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਇਸ ਦੌਰਾਨ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਕਿਹਾ ਕਿ, ਜੇਕਰ ਕੰਗਨਾ ਅੰਨਦਾਤੇ ਕੋਲੋਂ ਮੁਆਫ਼ੀ ਮੰਗੇਗੀ ਤਾਂ, ਅੱਗੇ ਵਧਣ ਦਿਆਂਗੇ। ਇਸ ਦੇ ਨਾਲ ਹੀ ਔਰਤਾਂ ਨੇ ਵੀ ਕੰਗਨਾ ਦੀ ਕਾਰ ਦੇ ਸਾਹਮਣੇ ਗੁੱਸਾ ਜ਼ਾਹਰ ਕੀਤਾ।
ਇਸ ਦੌਰਾਨ ਕੰਗਨਾ ਨੇ ਜਿਥੇ ਕਿਸਾਨਾਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਸੀ, ਉਥੇ ਹੀ ਝੂਠ ਬੋਲਦਿਆਂ ਕਿਹਾ ਸੀ ਕਿ, ਮੈਂ ਤਾਂ ਕਿਸਾਨਾਂ ਨੂੰ ਕੁੱਝ ਕਿਹਾ ਹੀ ਨਹੀ। ਉਸ ਵੇਲੇ ਕੰਗਨਾ ਮੁਆਫ਼ੀ ਮੰਗਦੀ ਮੰਗਦੀ ਅੱਗੇ ਵਧੀ ਸੀ।
ਇਸ ਦੌਰਾਨ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੋਂ ਕਾਰ ‘ਚ ਬੈਠ ਕੇ ਲਾਈਵ ਹੋ ਕੇ ਪੋਸਟ ਕੀਤਾ ਕਿ ਕਿਸਾਨਾਂ ਦੇ ਨਾਂ ‘ਤੇ ਉਨ੍ਹਾਂ ਨੂੰ ਘੇਰਿਆ ਗਿਆ ਹੈ। ਜਦੋਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਕੰਗਨਾ ਰਣੌਤ ਦੇ ਮੈਨੇਜਰ ਨੇ ਕੰਗਣਾ ਨਾਲ ਗੱਲ ਕੀਤੀ ਅਤੇ ਉਹ ਕਿਸਾਨ ਔਰਤਾਂ ਤੋਂ ਮੁਆਫੀ ਮੰਗਣ ਲਈ ਤਿਆਰ ਹੋ ਗਈ।
ਜਿਸ ਤੋਂ ਬਾਅਦ ਕੰਗਨਾ ਨੇ ਇਕ ਔਰਤ ਨੂੰ ਆਪਣੀ ਗੱਣੇ ਗਲੇ ਲਾਇਆ ਅਤੇ ਕਿਹਾ ਕਿ ਤੁਸੀਂ ਮੇਰੀ ਮਾਂ ਵਰਗੀ ਹੋ, ਮੈਨੂੰ ਜਾਣ ਦਿਓ। ਇਸ ਦੌਰਾਨ ਕੰਗਨਾ ਵੱਲੋਂ ਜਾਰੀ ਵੀਡੀਓ ‘ਚ ਕੰਗਨਾ ਨੇ ਔਰਤ ਨੂੰ ਕਿਹਾ ਕਿ ਮੇਰੇ ਸ਼ਬਦ ਤੁਹਾਡੇ ਲਈ ਨਹੀਂ, ਸ਼ਾਹੀਨ ਬਾਗ ਬਾਰੇ ਸਨ।
ਇਸ ਤੋਂ ਬਾਅਦ ਔਰਤਾਂ ਸ਼ਾਂਤ ਹੋਈਆਂ ਅਤੇ ਕੰਗਨਾ ਨੂੰ ਬਾਹਰ ਆਉਣ ਲਈ ਕਿਹਾ। ਕੰਗਨਾ ਬਾਹਰ ਆਈ ਤਾਂ ਉਸ ਨੇ ਹੱਥ ਹਿਲਾ ਕੇ ਮਾਫੀ ਮੰਗੀ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਕਈ ਵਾਰ ਪੰਜਾਬ ਦੀਆਂ ਕਿਸਾਨ ਔਰਤਾਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੀ ਹੈ।