ਸੜਕਾਂ ਤੋਂ ਗਾਇਬ ਹੋਣਗੇ ਅਵਾਰਾ ਪਸ਼ੂ! DC ਨੇ ਲਿਆ ਸਖ਼ਤ ਫ਼ੈਸਲਾ

All Latest NewsNews FlashPunjab NewsTop BreakingTOP STORIES

 

ਪਸ਼ੂਆਂ ਨੂੰ ਸੜਕਾਂ ’ਤੇ ਬੇਸਹਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ

ਪੁਲਿਸ ਨੂੰ ਰਾਤ ਸਮੇਂ ਵਧੇਰੇ ਚੌਕਸੀ ਵਰਤਣ ਲਈ ਕਿਹਾ

ਜਲੰਧਰ ਸ਼ਹਿਰ ’ਚੋਂ ਹੁਣ ਤੱਕ 340 ਬੇਸਹਾਰਾ ਪਸ਼ੂ ਗਊਸ਼ਲਾਵਾਂ ’ਚ ਭੇਜੇ

ਏ.ਬੀ.ਸੀ. ਪ੍ਰੋਗਰਾਮ ਤਹਿਤ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਦੇ ਨਾਲ-ਨਾਲ ਐਂਟੀ ਰੈਬੀਜ਼ ਵੈਕਸੀਨ ਵੀ ਲਗਾਈ ਜਾ ਰਹੀ

ਜਲੰਧਰ, 27 ਦਸੰਬਰ 2025:

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਪਸ਼ੂਆਂ ਨੂੰ ਸੜਕਾਂ ’ਤੇ ਬੇਸਹਾਰਾ ਛੱਡਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਸਮੇਂ ਵਧੇਰੇ ਚੌਕਸੀ ਵਰਤਣ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੜਕਾਂ ’ਤੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਸ਼ੂਆਂ ਨੂੰ ਸੜਕਾਂ ’ਤੇ ਬੇਸਹਾਰਾ ਛੱਡਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ।

ਉਨ੍ਹਾਂ ਐਲਾਨ ਕੀਤਾ ਕਿ ਸੜਕਾਂ ਤੋਂ ਸੌ ਫੀਸਦੀ ਬੇਸਹਾਰਾ ਪਸ਼ੂ ਗਊਸ਼ਲਾਵਾਂ ਵਿੱਚ ਤਬਦੀਲ ਕਰਨ ਵਾਲੀ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਦੇ ਨਾਵਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਐਵਾਰਡ ਲਈ ਸਿਫਾਰਸ਼ ਕੀਤੀ ਜਾਵੇਗੀ।

ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹੀਨਾ ਅਪ੍ਰੈਲ ਤੋਂ ਹੁਣ ਤੱਕ ਸ਼ਹਿਰ ’ਚੋਂ 340 ਬੇਸਹਾਰਾ ਪਸ਼ੂ ਗਊਸ਼ਲਾਵਾਂ ਵਿੱਚ ਭੇਜੇ ਗਏ ਹਨ। ਪਿਛਲੇ ਦੋ ਮਹੀਨਿਆਂ ਵਿੱਚ ਸ਼ਹਿਰ ਵਿੱਚੋਂ 71 ਬੇਸਹਾਰਾ ਪਸ਼ੂ ਗਊਸ਼ਲਾਵਾਂ ਵਿੱਚ ਤਬਦੀਲ ਕੀਤੇ ਗਏ ਹਨ।

ਇਸ ਤੋਂ ਇਲਾਵਾ ਨਗਰ ਕੌਂਸਲਾਂ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਪਿਛਲੇ ਕੁਝ ਸਮੇਂ ਦੌਰਾਨ 48 ਬੇਸਹਾਰਾ ਪਸ਼ੂ ਗਊਸ਼ਲਾਵਾਂ ਵਿੱਚ ਪਹੁੰਚਾਏ ਗਏ ਹਨ, ਜਿਸ ਨਾਲ ਯਾਤਰੀਆਂ ਤੇ ਪਸ਼ੂਆਂ ਦੋਵਾਂ ਦੀ ਸੁਰੱਖਿਆ ਯਕੀਨੀ ਬਣੀ ਹੈ, ਖਾਸ ਕਰ ਪੈ ਰਹੀ ਧੁੰਦ ਦੇ ਮੌਸਮ ਦੌਰਾਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਜਲੰਧਰ ਸ਼ਹਿਰ ਅਤੇ ਸੜਕਾਂ ਤੋਂ ਸਾਰੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਲਾਵਾਂ ਵਿੱਚ ਤਬਦੀਲ ਕਰਕੇ ਉਨ੍ਹਾਂ ਦੀ ਢੁੱਕਵੀਂ ਦੇਖ਼ਭਾਲ ਯਕੀਨੀ ਬਣਾਉਣਾ ਹੈ ਤਾਂ ਜੋ ਸੜਕ ਸੁਰੱਖਿਆ ਵਧੇ ਅਤੇ ਕੀਮਤੀ ਮਨੁੱਖੀ ਤੇ ਪਸ਼ੂਆਂ ਦੀ ਜਾਨਾਂ ਬਚਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਾਰਡ ਵਾਈਜ਼ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਕਰਨ ਦੇ ਨਾਲ-ਨਾਲ ਐਂਟੀ ਰੈਬੀਜ਼ ਵੈਕਸੀਨ ਵੀ ਲਗਾਈ ਜਾ ਰਹੀ ਹੈ।

ਇਸ ਦੌਰਾਨ ਐਨੀਮਲ ਬਰਥ ਕੰਟਰੋਲ ਨਿਯਮ, 2023 ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਡਾ. ਅਗਰਵਾਲ ਨੇ ਮੀਟਿੰਗ ਦੌਰਾਨ ਗਊ ਸੈੱਸ ਕੁਲੈਕਸ਼ਨ ਅਤੇ ਐਸ.ਪੀ.ਸੀ.ਏ. ਦੀ ਮੈਂਬਰਸ਼ਿਪ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵਟਸਐਪ ਐਕਸ਼ਨ ਹੈਲਪਲਾਈਨ 96462-22555 ‘ਤੇ ਬੇਸਹਾਰਾ ਪਸ਼ੂਆਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਗਰਿਕਾਂ ਨੂੰ ਬੇਸਹਾਰਾ ਪਸ਼ੂਆਂ ਸਬੰਧੀ ਸੂਚਨਾ ਦੇਣ ਲਈ ਹੈਲਪਲਾਈਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਵੀ ਕੀਤੀ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਸੀ.ਐਮ.ਐਫ.ਓ. ਨਵਦੀਪ ਸਿੰਘ, ਡਿਪਟੀ ਡਾਇਰੈਕਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 

Media PBN Staff

Media PBN Staff