ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਸੀਨੀਅਰ ਲੀਡਰ AAP ‘ਚ ਸ਼ਾਮਲ
ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਸੀਨੀਅਰ ਲੀਡਰ ਆਪ ਚ ਸ਼ਾਮਲ
ਜਲੰਧਰ, 27 Dec 2025 :
ਪੰਜਾਬ ਕਾਂਗਰਸ ਨੂੰ ਬੀਤੇ ਦਿਨ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਕਾਂਗਰਸੀ ਲੀਡਰ ਅਤੇ ਜਲੰਧਰ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਕੌਂਸਲਰ ਪਰਮਜੀਤ ਕੌਰ ਸਵੇਰੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਦਫ਼ਤਰ ਵਿਖੇ ਆਪ ’ਚ ਸ਼ਾਮਲ ਹੋਈ, ਜਦਕਿ ਹਰਪਾਲ ਮਿੰਟੂ ਮੁੱਖ ਮੰਤਰੀ ਨਿਵਾਸ ਵਿਖੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਤੇ ਨਿਤਿਨ ਕੋਹਲੀ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋਏ।
ਇਸ ਮੌਕੇ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਰੀ ਧੁੰਦ ਕਾਰਨ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ।
‘ਆਪ’ ’ਚ ਸ਼ਾਮਲ ਹੋਣ ਉਪਰੰਤ ਪਰਮਜੀਤ ਕੌਰ ਨੇ ਕਿਹਾ ਕਿ ਨਿਤਿਨ ਕੋਹਲੀ ਦੀ ਇਮਾਨਦਾਰ ਲੀਡਰਸ਼ਿਪ, ਪਾਰਦਰਸ਼ੀ ਕਾਰਜਸ਼ੈਲੀ ਤੇ ਜਨਤਾ ਨਾਲ ਸਿੱਧਾ ਸੰਪਰਕ ਬਣਾਉਣ ਵਾਲੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਇਹ ਫੈਸਲਾ ਲਿਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਉਂਦੀ ਹੈ ਤੇ ਉਸ ਦੀਆਂ ਨੀਤੀਆਂ ਦਾ ਸਿੱਧਾ ਲਾਭ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ।
ਹਰਪਾਲ ਮਿੰਟੂ ਨੇ ਕਿਹਾ ਕਿ ਨਿਤਿਨ ਕੋਹਲੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਨੇਤਾ ਹਨ, ਜੋ ਹਰ ਮੁਹੱਲੇ ਤੇ ਹਰ ਪਰਿਵਾਰ ਦੀ ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਹੱਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਉਹ ਵਾਰਡ ਨੰਬਰ 23 ਦੇ ਵਿਕਾਸ ਲਈ ਪਾਰਟੀ ਨਾਲ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਨਿਤਿਨ ਕੋਹਲੀ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਵਿਕਾਸ, ਪਾਰਦਰਸ਼ਤਾ ਤੇ ਜਵਾਬਦੇਹੀ ਹੈ।

