Punjab News: ਸਪੈਸ਼ਲ ਬੀਐੱਡ ਪਾਸ ਆਈਈਏਟੀ ਅਧਿਆਪਕਾਂ ਵੱਲੋਂ ਸਿੱਖਿਆ ਦਫਤਰ ਮੋਹਾਲੀ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ
Punjab News: ਸਪੈਸ਼ਲ ਬੀਐੱਡ ਪਾਸ ਆਈਈਏਟੀ ਅਧਿਆਪਕਾਂ ਵੱਲੋਂ ਸਿੱਖਿਆ ਦਫਤਰ ਮੋਹਾਲੀ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਦਾ ਵੀ ਕੀਤਾ ਜਾਵੇਗਾ ਘਿਰਾਓ- ਰਾਕੇਸ਼ ਕੁਮਾਰ ਜਲੰਧਰ
ਰਾਏਕੋਟ, 28 ਦਸੰਬਰ 2025 (ਗੋਗੀ ਕਮਾਲਪੁਰੀਆ)
ਪਿਛਲੇ 15-15 ਸਾਲਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਸਪੈਸ਼ਲ ਬੀਐੱਡ ਪਾਸ ਆਈਈਏਟੀ ਅਧਿਆਪਕਾਂ ਵੱਲੋਂ 30 ਦਸੰਬਰ ਤੋਂ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ਼ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਜਲੰਧਰ ਨੇ ਅੱਗੇ ਕਿਹਾ ਕਿ ਭਾਵੇਂ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਪੱਕੇ ਕੀਤੇ ਜਾਣ ਦੇ ਨਾਮ ‘ਤੇ ਸੂਬੇ ਦੇ ਲੋਕਾਂ ਤੋਂ ਵਾਹ ਵਾਹ ਖੱਟੀ ਸੀ ਪਰ ਸਿਰਫ 4500 ਰੁਪਏ ਤਨਖਾਹ ‘ਚ ਕੁਝ ਕੁ ਵਾਧਾ ਕਰਕੇ ਇਹ ਸਾਬਤ ਕਰਨ ‘ਚ ਲੱਗੀ ਰਹੀ ਕਿ ਆਮ ਆਦਮੀ ਪਾਰਟੀ ਵੱਲੋਂ ਵੱਡਾ ਕੰਮ ਕੀਤਾ ਗਿਆ ਹੈ।
ਪਰ ਅਫਸੋਸ ਕਿ ਸਿਰਫ ਕਾਗਜ਼ੀ ਪੱਕੇ ਕਰਕੇ ਸਾਨੂੰ ਆਪਣੀਆਂ ਮੰਗਾਂ ਰੱਖਣ ਲਈ ਸਾਡਾ ਮੂੰਹ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਤੇ ਆਗਿਆ ਲੈ ਕੇ ਸਪੈਸ਼ਲ ਕੋਰਸ ਅਤੇ ਸਪੈਸ਼ਲ ਬੀਐੱਡ ਪਾਸ ਕੀਤੀ ਹੈ ਅਤੇ ਸਰਕਾਰ ਵੱਲੋਂ ਸਾਨੂੰ ਬਣਦਾ ਹੱਕ ਦੇਣ ਦੀ ਬਜਾਏ ਆਨਾਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਜਿਸ ਵਿੱਚ ਪਹਿਲਾਂ ਤੋਂ ਹੀ ਵਿਭਾਗ ਅੰਦਰ ਕੰਮ ਕਰ ਰਹੇ ਸਪੈਸ਼ਲ ਬੀਐੱਡ ਪਾਸ 89 ਆਈਈਏਟੀ ਅਧਿਆਪਕਾਂ ਨੂੰ ਲਾਭ ਦੇਣ ਦੀ ਬਜਾਏ ਨਵਿਆਂ ਨੂੰ ਲਾਭ ਦਿੱਤੇ ਜਾ ਰਹੇ ਹਨ ਜੋ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਤਜਰਬੇ ਅਤੇ ਸਾਡੀਆਂ ਸਪੈਸ਼ਲ ਡਿਗਰੀਆਂ ਨੂੰ ਦੇਖਦਿਆਂ ਪੱਕੇ ਕੀਤਾ ਜਾਵੇ, ਜੋ ਰੈਗੂਲਰ ਅਧਿਆਪਕ ਨੂੰ ਭੱਤੇ ਮਿਲਦੇ ਹਨ ਉਹ ਦਿੱਤੇ ਜਾਣ ਅਤੇ ਸਾਨੂੰ ਸਪੈਸ਼ਲ ਐਜੂਕੇਟਰ ਦੀ ਪੋਸਟ ਲਈ ਬਿਨਾਂ ਕਿਸੇ ਸ਼ਰਤ ਦੇ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਖਿਲਾਫ਼ 30 ਦਸੰਬਰ ਨੂੰ ਮੁਹਾਲੀ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਫਤਰ ਵੀ ਘੇਰਿਆ ਜਾਵੇਗਾ। ਇਹ ਮੋਰਚਾ ਉਸ ਸਮੇਂ ਤੱਕ ਲੱਗਾ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ।

