ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਔਰਤ ਦਾ ਗਲਾ ਵੱਢ ਕੇ ਕਤਲ
Punjab News, 28 Dec 2025 (Media PBN)-
ਪੰਜਾਬ ਦੇ ਬਠਿੰਡਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਦਾ ਕਤਲ ਅਣਪਛਾਤੇ ਵਲੋਂ ਗਲਾ ਵੱਢ ਕੇ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਰਿਤਿਕਾ ਗੋਇਲ ਪਤਨੀ ਸਾਹਿਲ ਕੁਮਾਰ ਵਾਸੀ ਬਠਿੰਡਾ (ਗੋਪਾਲ ਨਗਰ) ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਾਹਿਲ ਕੁਮਾਰ ਨੇ ਦੱਸਿਆ ਕਿ ਉਸ ਦਾ ਕਰੀਬ ਤਿੰਨ ਵਰ੍ਹੇ ਪਹਿਲਾਂ ਰਿਤਿਕਾ ਨਾਲ ਵਿਆਹ ਹੋਇਆ ਸੀ ਅਤੇ ਊਨ੍ਹਾਂ ਦੇ ਦੋ ਬੱਚੇ ਵੀ ਹਨ। ਸਾਹਿਲ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਸ਼ੋਅਰੂਮ ਵਿੱਚ ਨੌਕਰੀ ਕਰਦੀ ਸੀ।
ਬੀਤੇ ਦਿਨ ਵੀ ਉਹ ਰੋਜ਼ਾਨਾਂ ਦੀ ਤਰ੍ਹਾਂ ਸ਼ੋਅਰੂਮ ਤੇ ਗਈ ਸੀ, ਪਰ ਘਰ ਵਾਪਸ ਨਾ ਆਈ। ਹਾਲਾਂਕਿ ਉਹ ਰੋਜ਼ ਆਪਣੀ ਪਤਨੀ ਨੂੰ ਸ਼ੋਅਰੂਮ ਤੇ ਛੱਡਣ ਅਤੇ ਲੈਣ ਜਾਂਦਾ ਸੀ। ਬੀਤੇ ਦਿਨ ਜਦੋਂ ਉਹ ਗਿਆ ਤਾਂ, ਉਸਦੀ ਪਤਨੀ ਸ਼ੋਅਰੂਮ ਤੇ ਨਹੀਂ ਸੀ।
ਜਦੋਂ ਸ਼ੋਅਰੂਮ ਦੇ ਮਾਲਕ ਨੂੰ ਰਿਤਿਕਾ ਬਾਰੇ ਪੁੱਛਿਆ ਗਿਆ ਤਾਂ, ਉਸਨੇ ਕਿਹਾ ਕਿ ਰਿਤਿਕਾ ਮੋਬਾਈਲ ਫ਼ੋਨ ਦਾ ਕਵਰ ਖ਼ਰੀਦਣ ਦਾ ਕਹਿ ਕੇ ਚਲੀ ਗਈ ਸੀ, ਪਰ ਵਾਪਸ ਨਹੀਂ ਆਈ ਅਤੇ ਹੁਣ ਉਸਦਾ ਮੋਬਾਈਲ ਫ਼ੋਨ ਵੀ ਬੰਦ ਹੈ।
ਸਾਹਿਲ ਨੇ ਦੱਸਿਆ ਕਿ ਉਹ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਸਨੇ ਇਸ ਬਾਰੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਜਦੋਂ ਰਿਤਿਕਾ ਦੀ ਭਾਲ ਸ਼ੁਰੂ ਕੀਤੀ ਤਾਂ, ਉਸਦੀ ਲਾਸ਼ ਇੱਕ ਖ਼ਾਲੀ ਪਲਾਟ ਵਿੱਚੋਂ ਬਰਾਮਦ ਹੋਈ।
ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਦਾ ਕਹਿਣਾ ਹੈ ਕਿ ਰਿਤਿਕਾ ਦੇ ਸਰੀਕ ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਨਰਿੰਦਰ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਇਸ ਕੇਸ ਨੂੰ ਹੱਲ ਕੀਤਾ ਜਾਵੇਗਾ।

