ਚੋਣਾਂ ਦਰਮਿਆਨ ਫੱਟੜ ਹੋਏ ਅਧਿਆਪਕਾਂ ਨੂੰ ਦਿੱਤਾ ਜਾਵੇ ਮੁਆਵਜ਼ਾ! ਟੀਚਰ ਯੂਨੀਅਨਾਂ ਦਾ ਵਫ਼ਦ DC ਨੂੰ ਮਿਲਿਆ
ਚੋਣਾਂ ਦਰਮਿਆਨ ਫੱਟੜ ਹੋਏ ਅਧਿਆਪਕਾਂ ਨੂੰ ਦਿੱਤਾ ਜਾਵੇ ਮੁਆਵਜ਼ਾ! ਟੀਚਰ ਯੂਨੀਅਨਾਂ ਦਾ ਵਫ਼ਦ DC ਨੂੰ ਮਿਲਿਆ
ਫੌਤ ਹੋਏ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇ ਦੋ ਕਰੋੜ ਰੁਪਏ ਦਾ ਮੁਆਵਜ਼ਾ- ਅਧਿਆਪਕ ਜਥੇਬੰਦੀਆਂ
ਚੋਣ ਡਿਊਟੀਆਂ ਲਈ ਐਸਓਪੀ ਜਾਰੀ ਕਰੇ ਪ੍ਰਸ਼ਾਸਨ
ਪਟਿਆਲਾ, 29 ਦਸੰਬਰ 2025 (Media PBN)
ਅੱਜ ਜ਼ਿਲ੍ਹਾ ਪਟਿਆਲਾ ਦੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਤੈਅ ਸਮੇਂ ਅਨੁਸਾਰ ਮੀਟਿੰਗ ਹੋਈ। ਇਸ ਅਹਿਮ ਮੌਕੇ ਤੇ ਗੌਰਮਿੰਟ ਟੀਚਰਜ਼ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਐਸਸੀਬੀਸੀ ਅਧਿਆਪਕ ਯੂਨੀਅਨ, ਐਲੀਮੈਂਟਰੀ ਟੀਚਰ ਯੂਨੀਅਨ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ (ਦਿਗਵਿਜੇਪਾਲ) ਵੱਲੋਂ ਇਸ ਮੀਟਿੰਗ ਵਿੱਚ ਵਿਕਰਮਦੇਵ ਸਿੰਘ, ਕੰਵਲ ਨੈਨ, ਦੀਦਾਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਰੱਖੜਾ, ਗੁਰਪ੍ਰੀਤ ਸਿੰਘ ਗੁਰੂ,ਮਨੋਜ ਘਈ ਅਤੇ ਤਲਵਿੰਦਰ ਸਿੰਘ ਖਰੋੜ ਸਾਥੀਆਂ ਸਮੇਤ ਹਾਜ਼ਰ ਹੋਏ।
ਮੀਟਿੰਗ ਵਿੱਚ ਆਗੂਆਂ ਵੱਲੋਂ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਮੋਗਾ ਵਿਖੇ ਫੌਤ ਹੋਏ ਅਧਿਆਪਕ ਜੋੜੇ ਲਈ ਦੋ ਦੋ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਤਰਕਪੂਰਨ ਢੰਗ ਨਾਲ ਰੱਖੀ ਜਿਸ ਤੇ ਸ੍ਰੀਮਤੀ ਪ੍ਰੀਤੀ ਯਾਦਵ ਡੀਸੀ ਪਟਿਆਲਾ ਨੇ ਉਕਤ ਮੰਗ ਨੂੰ ਹਮਦਰਦੀ ਪੂਰਨ ਢੰਗ ਨਾਲ ਮੁੱਖ ਮੰਤਰੀ ਪੰਜਾਬ ਕੋਲ ਰੱਖਣ ਦਾ ਭਰੋਸਾ ਦਿੱਤਾ। ਇਹਨਾਂ ਚੋਣਾਂ ਦੌਰਾਨ ਫੱਟੜ ਹੋਏ ਅਧਿਆਪਕਾਂ ਗੁਰਵਿੰਦਰ ਸਿੰਘ ਨਰੜੂ ਅਤੇ ਪਰਮਜੀਤ ਕੌਰ ਜੈਖਰ ਨੂੰ ਢੁਕਵਾਂ ਮੁਆਵਜਾ ਅਤੇ ਇਲਾਜ ਦੌਰਾਨ ਛੁੱਟੀਆਂ ਮਸਲਾ ਹੱਲ ਕਰਵਾਉਣ ਦੀ ਮੰਗ ਜ਼ੋਰ ਸ਼ੋਰ ਨਾਲ ਉਠਾਈ ਗਈ।
ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਵੱਲੋਂ ਮੰਗ ਨਾਲ ਸਹਿਮਤ ਹੁੰਦਿਆਂ ਛੇਤੀ ਤੋਂ ਛੇਤੀ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਹੋਇਆਂ ਵੱਧ ਤੋਂ ਵੱਧ ਮੁਆਵਜੇ ਦੇਣਾ ਤੇ ਡਿਊਟੀ ਸਬੰਧੀ ਅਗਲੇਰੀ ਕਾਰਵਾਈ ਲਈ ਡੀਈਓ ਪਟਿਆਲਾ ਨੂੰ ਕਿਹਾ ਗਿਆ। ਆਗੂਆਂ ਵੱਲੋਂ ਮੰਗ ਰੱਖੀ ਗਈ ਕਿ ਵੋਟਾਂ ਦੌਰਾਨ ਕਪਲ ਕੇਸ, ਗੰਭੀਰ ਬਿਮਾਰੀ ਤੋਂ ਪੀੜਤ ਮੁਲਾਜ਼ਮ ਤੇ ਬੀਐਲਉ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ ਅਤੇ ਇਸ ਸਬੰਧੀ ਜਥੇਬੰਦੀਆਂ ਦੀ ਸਹਿਮਤੀ ਅਨੁਸਾਰ ਐਸਓਪੀ ਜਾਰੀ ਕਰਨ ਦੀ ਮੰਗ ਰੱਖੀ ਗਈ। ਉਨਾਂ ਨੇ ਇਸ ਸਬੰਧੀ ਐਸਓਪੀ ਜਾਰੀ ਕਰਨ ਦੀ ਵੀ ਮੰਗ ਰੱਖੀ।
ਡਿਪਟੀ ਕਮਿਸ਼ਨਰ ਪਟਿਆਲਾ ਨੇ ਇਸ ਮੰਗ ਨਾਲ ਵੀ ਸਹਿਮਤ ਹੁੰਦਿਆਂ ਕਿਹਾ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਐਸਓਪੀ ਜਾਰੀ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਲੇਡੀਜ਼ ਅਧਿਆਪਕਾਂ ਦੀਆਂ ਡਿਊਟੀਆਂ ਬਲਾਕ ਵਾਈਜ਼ ਉਹਨਾਂ ਦੇ ਸਕੂਲਾਂ ਵਿੱਚ ਹੀ ਲਗਾਈਆਂ ਜਾਣ। ਇਸ ਗੱਲ ਨਾਲ ਵੀ ਡਿਪਟੀ ਕਮਿਸ਼ਨਰ ਨੇ ਸਹਿਮਤ ਹੁੰਦਿਆਂ ਕਿਹਾ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਵਾਚਿਆ ਜਾਵੇਗਾ। ਸ਼੍ਰੀ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਅਤੇ ਸ਼੍ਰੀ ਰਵਿੰਦਰ ਪਾਲ ਡਿਪਟੀ ਡੀਈਓ ਸੈਕੰਡਰੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।
ਉਕਤ ਸਾਰੀਆਂ ਮੰਗਾਂ ਦੀ ਪੂਰਤੀ ਲਈ ਸਮੂਹ ਅਧਿਆਪਕ ਜਥੇਬੰਦੀਆਂ ਨੇ ਇੱਕ ਹਫਤੇ ਦਾ ਸਮਾਂ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ। ਜੇ ਤੈਅ ਸਮੇਂ ਵਿੱਚ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਅਗਲੇਰੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਇਸ ਸਮੇਂ ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਭੁਪਿੰਦਰ ਸਿੰਘ, ਜਗਜੀਤ ਸਿੰਘ ਜਟਾਣਾ, ਕ੍ਰਿਸ਼ਨ ਸਿੰਘ ਚੌਹਾਨਕੇ, ਰਵਿੰਦਰ ਕੰਬੋਜ ਅਤੇ ਸਾਦਿਕ ਆਦਿ ਅਧਿਆਪਕ ਸਾਥੀ ਮੌਕੇ ਤੇ ਹਾਜ਼ਰ ਸਨ।

