ਸਿੱਖਿਆ ਮੰਤਰੀ ਹਰਜੋਤ ਬੈਂਸ ਦਾ 800 ਤੋਂ ਵੱਧ ਸਕੂਲਾਂ ਦੇ ਹੱਕ ‘ਚ ਵੱਡਾ ਫ਼ੈਸਲਾ! DEOs ਨੂੰ ਦਿੱਤੇ ਸਖ਼ਤ ਹੁਕਮ

All Latest NewsNews FlashPunjab NewsTop BreakingTOP STORIES

 

ਸਕੂਲਾਂ ਵਿੱਚ ਵਿਦਿਆਰਥੀਆਂ ਲਈ ਜੀਵੰਤ ਅਤੇ ਸਾਜ਼ਗਾਰ ਮਾਹੌਲ ਉਪਲਬਧ ਕਰਵਾ ਕੇ ਅਕਾਦਮਿਕ ਵਿਕਾਸ ਯਕੀਨੀ ਬਣਾਇਆ ਜਾਵੇਗਾ: ਬੈਂਸ

Media PBN

ਚੰਡੀਗੜ੍ਹ, 9 ਜਨਵਰੀ 2026:

ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 852 ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਕਾਰਜਾਂ ਵਾਸਤੇ 17.44 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਕਦਮ ਦਾ ਉਦੇਸ਼ ਅਕਾਦਮਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਉਸਾਰੂ ਅਤੇ ਢੁਕਵਾਂ ਮਾਹੌਲ ਉਪਲਬਧ ਕਰਵਾਉਣਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਭਾਗ ਨੇ ਰਾਜ ਭਰ ਵਿੱਚ ਫੰਡਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਇਆ ਹੈ।

ਅੰਮ੍ਰਿਤਸਰ ਨੂੰ 1.58 ਕਰੋੜ ਰੁਪਏ

ਬਰਨਾਲਾ ਨੂੰ 44.64 ਲੱਖ ਰੁਪਏ

ਬਠਿੰਡਾ ਨੂੰ 76.02 ਲੱਖ

ਫਰੀਦਕੋਟ ਨੂੰ 50.31 ਲੱਖ

ਫਤਿਹਗੜ੍ਹ ਸਾਹਿਬ ਨੂੰ 23.22 ਲੱਖ

ਫਾਜ਼ਿਲਕਾ ਨੂੰ 1.13 ਕਰੋੜ ਰੁਪਏ

ਫਿਰੋਜ਼ਪੁਰ ਨੂੰ 40.41 ਲੱਖ

ਗੁਰਦਾਸਪੁਰ ਨੂੰ 1.18 ਕਰੋੜ ਤੋਂ ਵੱਧ

ਹੁਸ਼ਿਆਰਪੁਰ ਨੂੰ 97.44 ਲੱਖ

ਜਲੰਧਰ ਨੂੰ 97.41 ਲੱਖ

ਕਪੂਰਥਲਾ ਨੂੰ 20.52 ਲੱਖ

ਲੁਧਿਆਣਾ ਨੂੰ 1.50 ਕਰੋੜ

ਮਾਲੇਰਕੋਟਲਾ ਨੂੰ 15.75 ਲੱਖ

ਮਾਨਸਾ ਨੂੰ 61.11 ਲੱਖ

ਮੋਗਾ ਨੂੰ 32.74 ਲੱਖ

ਮੁਕਤਸਰ ਨੂੰ 46.47 ਲੱਖ

ਪਠਾਨਕੋਟ ਨੂੰ 37.11 ਲੱਖ ਰੁਪਏ

ਪਟਿਆਲਾ ਨੂੰ 1.50 ਕਰੋੜ ਰੁਪਏ

ਰੂਪਨਗਰ ਨੂੰ 78.14 ਲੱਖ ਰੁਪਏ

ਐਸ.ਬੀ.ਐਸ.ਨਗਰ ਨੂੰ 25.29 ਲੱਖ

ਸੰਗਰੂਰ ਨੂੰ 2.45 ਕਰੋੜ

ਐਸ.ਏ.ਐਸ. ਨਗਰ (ਮੁਹਾਲੀ) ਨੂੰ 42.87 ਲੱਖ ਰੁਪਏ ਅਤੇ ਤਰਨ ਤਾਰਨ ਨੂੰ 59.49 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨਿਰਦੇਸ਼ 

ਬੈਂਸ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਰਕਮ ਸਿੱਧੀ ਸਬੰਧਤ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਤਾਂ ਜੋ ਇਸ ਅਮਲ ਵਿੱਚ ਪਾਰਦਰਸ਼ਤਾ ਅਤੇ ਭਾਈਚਾਰਕ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਇਸ ਪਹਿਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਰੇ ਸਕੂਲਾਂ ਵਿੱਚ ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਦੱਸਦਿਆਂ ਸ. ਬੈਂਸ ਨੇ ਕਿਹਾ, ‘‘ਇੱਕ ਉਜਵਲ, ਸਾਫ਼-ਸੁਥਰਾ ਅਤੇ ਸੰਗਠਿਤ ਸਕੂਲ ਵਾਤਾਵਰਣ ਬੱਚਿਆਂ ਦੀ ਇਕਾਗਰਤਾ ਅਤੇ ਸਿੱਖਣ- ਸਮਰੱਥਾ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ।

ਅਸੀਂ ਆਪਣੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯਤਨ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਨੂੰ ਵਿਦਿਅਕ ਪੁਨਰ- ਸੁਰਜੀਤੀ ਦਾ ਕੇਂਦਰ ਬਣਾਉਣ ਵਿੱਚ ਅਸੀਂ ਸਫ਼ਲ ਹੋਵਾਂਗੇ।’’

ਉਨ੍ਹਾਂ ਅੱਗੇ ਕਿਹਾ, ‘‘ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਵਿਦਿਅਕ ਮਿਆਰਾਂ ਦੇ ਅਨੁਕੂਲ ਬਣਾ ਕੇ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲ ਵਿੱਚ ਆਉਣ ਵਾਲਾ ਹਰ ਬੱਚਾ ਖੁਦ ਨੂੰ ਉਤਸ਼ਾਹਿਤ, ਮੁੱਲਵਾਨ ਅਤੇ ਚੰਗਾ ਸਿਖਿਆਰਥੀ ਮਹਿਸੂਸ ਕਰੇ।’’

 

Media PBN Staff

Media PBN Staff