ਭਗਵੰਤ ਮਾਨ ਸਰਕਾਰ ਦਾ ਨਿਕਲਿਆ ਦੀਵਾਲਾ; ਤਨਖ਼ਾਹਾਂ ਨਾ ਮਿਲਣ ਖ਼ਿਲਾਫ਼ ਅਧਿਆਪਕਾਂ ਨੇ ਦਿੱਤਾ ਰੋਸ ਧਰਨਾ
ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਵੀ ਸੌਂਪੇ
ਸੰਗਰੂਰ, 9 ਜਨਵਰੀ 2026-
ਜ਼ਿਲ੍ਹਾ ਸੰਗਰੂਰ ਦੇ ਬਲਾਕ ਚੀਮਾ,ਸੁਨਾਮ -1 ਅਤੇ ਮੂਣਕ ਦੇ ਸੈਂਕੜੇ ਪ੍ਰਾਇਮਰੀ ਅਧਿਆਪਕਾਂ ਅਤੇ ਕਈ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਾਲੇ ਤੱਕ ਦਸੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਅਤੇ ਸਰਕਾਰ ਦੀ ਜ਼ੁਬਾਨੀ ਆਦੇਸ਼ਾਂ ਰਾਹੀਂ ਲੰਮੇ ਸਮੇਂ ਲਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕਣ ਦੀ ਨੀਤੀ ਖ਼ਿਲਾਫ਼ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਸੰਗਰੂਰ ਦੇ ਅੱਗੇ ਰੋਸ ਧਰਨਾ ਲਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਵਿੱਤ ਸਕੱਤਰ ਯਾਦਵਿੰਦਰ ਪਾਲ, ਪ੍ਰੈੱਸ ਸਕੱਤਰ ਜਸਬੀਰ ਨਮੋਲ,ਬਲਾਕ ਆਗੂ ਚੰਦਰ ਸ਼ੇਖਰ ਨੇ ਕਿਹਾ ਕਿ ਸਰਕਾਰ ਦੇ ਖਜ਼ਾਨੇ ਸਰਮਾਏਦਾਰਾਂ ਲਈ ਤਾਂ ਖੁੱਲ੍ਹੇ ਹਨ ਪ੍ਰੰਤੂ ਜਨਤਕ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਮੁਲਾਜ਼ਮਾਂ ਲਈ ਸਰਕਾਰ ਹੱਥ ਘੁੱਟ ਰਹੀ ਹੈ ਜਿਹੜਾ ਕਿ ਇਹਨਾਂ ਮੁਲਾਜ਼ਮਾਂ ਦੇ ਨਾਲ ਦੂਰਰਸ ਰੂਪ ਵਿੱਚ ਦੇਸ਼ ਦੇ ਹਾਸ਼ੀਏ ‘ਤੇ ਧੱਕੇ ਲੋਕਾਂ ਦੇ ਖਿਲਾਫ਼ ਭੁਗਤ ਰਿਹਾ ਹੈ।
ਕਿਉਂਕਿ ਇਹਨਾਂ ਜਨਤਕ ਸੰਸਥਾਵਾਂ ਦੇ ਲਾਭ ਪਾਤਰੀ ਇਹੀ ਆਮ ਲੋਕ ਹਨ ਅਤੇ ਜੇਕਰ ਸਰਕਾਰ ਨੇ ਇਸ ਨੀਤੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਤਾਂ ਇਹ ਸੰਸਥਾਵਾਂ ਬੰਦ ਹੋਣਗੀਆਂ ਜਿਸਦਾ ਨੁਕਸਾਨ ਇਹਨਾਂ ਲੋਕਾਂ ਨੂੰ ਹੀ ਹੋਣਾ ਹੈ। ਇਹਨਾਂ ਜਨਤਕ ਸੰਸਥਾਵਾਂ ਦਾ ਬਜਟ ਕੱਟ ਕੇ ਆਮ ਲੋਕਾਂ ਦਾ ਪੈਸਾ ਦੇਸ਼ ਦੇ ਅਸਲੀ ਹਾਕਮ ਸਰਮਾਏਦਾਰਾ ਜਮਾਤ ਨੂੰ ਲੁਟਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਅਧਿਆਪਕ ਵਰਗ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਸ ਕੋਝੀਆਂ ਚਾਲਾਂ ਨੂੰ ਸਮਝਣ ਅਤੇ ਆਪਣੇ ਹੱਕ ਅਤੇ ਜਨਤਕ ਸੰਸਥਾਵਾਂ ਨੂੰ ਬਚਾਉਣ ਲਈ ਜਥੇਬੰਦਕ ਰੂਪ ਵਿੱਚ ਅੱਗੇ ਆਉਣ। ਧਰਨੇ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਦੋਹਾਂ ਨੂੰ ਵਫ਼ਦ ਦੇ ਰੂਪ ਵਿੱਚ ਮਿਲ ਕੇ ਮੰਗ ਕੀਤੀ ਗਈ ਕਿ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸਖ਼ਤ ਤਾਕੀਦ ਕੀਤੀ ਜਾਵੇ ਕਿ ਤਨਖਾਹਾਂ ਦੇ ਬਿਲ ਸਰਕਾਰੀ ਹਦਾਇਤਾਂ ਅਨੁਸਾਰ ਮਹੀਨੇ ਦੀ ਆਖਰੀ ਮਿਤੀ ਤੋਂ ਦੋ – ਤਿੰਨ ਪਹਿਲਾਂ ਜਮ੍ਹਾਂ ਕਰਵਾਏ ਜਾਇਆ ਕਰਨ।
ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀ ਇਹਨਾਂ ਦਫ਼ਤਰਾਂ ਵਿਰੁੱਧ ਸੰਘਰਸ਼ ਵਿੱਢੇਗੀ। ਇਸ ਉਪਰੰਤ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਇੱਕ ਦੋ ਦਿਨਾਂ ਦੇ ਅੰਦਰ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਜ਼ਿਲ੍ਹਾ ਹੈੱਡ ਕੁਆਰਟਰ ਉੱਤੇ ਵੱਡਾ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਵਿੱਚ ਉਕਤ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਾਗ ਲਿਆ।

