ਵੱਡੀ ਖ਼ਬਰ: ਪੰਜਾਬ ‘ਚ 15 ਜਨਵਰੀ ਨੂੰ ਨਹੀਂ ਲਾਂਚ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ’!
ਪੰਜਾਬ ‘ਚ 22 ਜਨਵਰੀ ਤੋਂ ਲਾਂਚ ਹੋਵੇਗੀ ਮੁੱਖ ਮੰਤਰੀ ਸਿਹਤ ਯੋਜਨਾ; ਨਸ਼ੇ ਵਿਰੁੱਧ ਜੰਗ ਤੇ ਸਿਹਤ ਸਹੂਲਤਾਂ ਲਈ ਸਰਕਾਰ ਨੇ ਕੱਸ ਲਈ ਕਮਰ
Media PBN
ਮੋਹਾਲੀ 12 ਜਨਵਰੀ 2026: ਅੱਜ ਮੋਹਾਲੀ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਰਕਾਰ ਦੇ ਦੋ ਪ੍ਰਮੁੱਖ ਪ੍ਰੋਗਰਾਮਾਂ—’ਮੁੱਖ ਮੰਤਰੀ ਸਿਹਤ ਯੋਜਨਾ’ ਅਤੇ ‘ਨਸ਼ੇ ਵਿਰੁੱਧ ਯੁੱਧ’ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਸਕੀਮ 15 ਜਨਵਰੀ ਨੂੰ ਲਾਂਚ ਕੀਤੀ ਜਾਣੀ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਏ ਜਾਣ ਕਾਰਨ ਹੁਣ ਇਹ ਯੋਜਨਾ 22 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਵਜੋਂ ਕੱਲ੍ਹ ਤੋਂ ਮੋਹਾਲੀ ਜ਼ਿਲ੍ਹੇ ਦੀਆਂ 8 ਥਾਵਾਂ ‘ਤੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। 22 ਜਨਵਰੀ ਨੂੰ ਸੂਬੇ ਭਰ ਵਿੱਚ 274 ਥਾਵਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਸਾਰੇ ਵਾਰਡ, ਕਮਿਊਨਿਟੀ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਕਵਰ ਕੀਤੇ ਜਾਣਗੇ।
ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪੂਰੀ ਸਰਕਾਰੀ ਮਸ਼ੀਨਰੀ ਨੂੰ ਆਪਸੀ ਤਾਲਮੇਲ (Coordination) ਵਿੱਚ ਲਗਾਇਆ ਗਿਆ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ (DC) ਅਤੇ ਵਧੀਕ ਡਿਪਟੀ ਕਮਿਸ਼ਨਰ (ADC) ਨੋਡਲ ਅਫਸਰ ਵਜੋਂ ਨਿਗਰਾਨੀ ਕਰਨਗੇ। ਸਿਵਲ ਸਰਜਨ ਦੇ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਕੋਆਰਡੀਨੇਟਰ ਅਤੇ ਨੋਡਲ ਅਫਸਰ ਵਜੋਂ ਕੰਮ ਕਰਨਗੇ। ਕਾਮਨ ਸਰਵਿਸ ਸੈਂਟਰ (CSC) ਦੇ ਜ਼ਿਲ੍ਹਾ ਮੈਨੇਜਰ (DM) ਵੀ ਇਸ ਵਿੱਚ ਸਹਿਯੋਗ ਦੇਣਗੇ।
ਮੌਕੇ ‘ਤੇ ਹੀ ਬਣਨਗੇ ਕਾਰਡ ਅਤੇ ਸ਼ੁਰੂ ਹੋਵੇਗਾ ਇਲਾਜ
ਡਾਕਟਰ ਬਲਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਮਰੀਜ਼ ਨੂੰ ਤੁਰੰਤ ਇਲਾਜ ਦੀ ਲੋੜ ਪੈਂਦੀ ਹੈ, ਤਾਂ ਉਹ ਸਿੱਧਾ ਹਸਪਤਾਲ ਜਾ ਸਕਦਾ ਹੈ। ਉੱਥੇ ਮੌਕੇ ‘ਤੇ ਹੀ (On the spot) ਉਸ ਦਾ ਕਾਰਡ ਬਣਾ ਦਿੱਤਾ ਜਾਵੇਗਾ ਅਤੇ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਇਸ ਨਵੀਂ ਯੋਜਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।

