ਬਿਜਲੀ ਸੋਧ ਬਿੱਲ, ਮਨਰੇਗਾ, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਖ਼ਿਲਾਫ਼ ਫ਼ਿਰੋਜ਼ਪੁਰ ‘ਚ SKM ਅਤੇ ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ
ਬਿਜਲੀ ਸੋਧ ਬਿੱਲ, ਮਨਰੇਗਾ, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਖ਼ਿਲਾਫ਼ ਫ਼ਿਰੋਜ਼ਪੁਰ ਵਿੱਚ ਐੱਸ.ਕੇ.ਐੱਮ ਅਤੇ ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ
16 ਜਨਵਰੀ ਨੂੰ ਡੀ.ਸੀ.ਦਫ਼ਤਰ ਫ਼ਿਰੋਜ਼ਪੁਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਦਾ ਐਲਾਨ
ਫ਼ਿਰੋਜ਼ਪੁਰ, 13 ਜਨਵਰੀ 2026- ਸੰਯੁਕਤ ਕਿਸਾਨ ਮੋਰਚਾ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਬਿਜਲੀ ਸੋਧ ਬਿੱਲ, ਮਨਰੇਗਾ ਕਾਨੂੰਨ ਵਿੱਚ ਕੀਤੀਆਂ ਤਬਦੀਲੀਆਂ, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਦੇ ਖ਼ਿਲਾਫ਼ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ਇੱਕ ਅਹਿਮ ਸਾਂਝੀ ਆਨਲਾਈਨ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਸਿੱਧੇ ਤੌਰ ‘ਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਲਿਆਂਦੇ ਜਾ ਰਹੇ ਹਨ, ਜਦਕਿ ਆਮ ਲੋਕਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਰਾਹੀਂ ਸਰਕਾਰੀ ਬਿਜਲੀ ਪ੍ਰਣਾਲੀ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ, ਗਰੀਬ ਲੋਕਾਂ ਅਤੇ ਮਜ਼ਦੂਰ ਵਰਗ ‘ਤੇ ਬਿਜਲੀ ਦੀਆਂ ਕੀਮਤਾਂ ਦਾ ਭਾਰੀ ਬੋਝ ਪਵੇਗਾ। ਮਨਰੇਗਾ ਵਰਗੇ ਲੋਕ-ਹਿਤੈਸ਼ੀ ਕਾਨੂੰਨ ਨੂੰ ਕਮਜ਼ੋਰ ਕਰਕੇ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ, ਜਦਕਿ ਬੀਜ ਬਿੱਲ ਕਿਸਾਨਾਂ ਨੂੰ ਕਾਰਪੋਰੇਟ ਕੰਪਨੀਆਂ ‘ਤੇ ਨਿਰਭਰ ਅਤੇ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ।
ਚਾਰ ਲੇਬਰ ਕੋਡਾਂ ਨੂੰ ਮਜ਼ਦੂਰ ਵਰਗ ‘ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਮਜ਼ਦੂਰਾਂ ਦੇ ਹੱਕ, ਨੌਕਰੀ ਦੀ ਸੁਰੱਖਿਆ, ਕੰਮ ਦੇ ਘੰਟੇ ਅਤੇ ਯੂਨੀਅਨ ਬਣਾਉਣ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਾਰੇ ਕਾਨੂੰਨ ਮਿਹਨਤੀ ਵਰਗ ਦੀ ਕੁਰਬਾਨੀ ‘ਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਨੂੰ ਵਧਾਉਣ ਲਈ ਬਣਾਏ ਗਏ ਹਨ।
ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਬੀਕੇਯੂ ਰਾਜੇਵਾਲ ਤੋਂ ਪ੍ਰਗਟ ਸਿੰਘ ਮੱਖੂ, ਬੀਕੇਯੂ ਉਗਰਾਹਾਂ ਤੋਂ ਮਹਿੰਦਰ ਸਿੰਘ, ਬੀਕੇਯੂ ਡਕੌਂਦਾ (ਬੁਰਜ ਗਿੱਲ) ਤੋਂ ਸੂਰਜ ਪ੍ਰਕਾਸ਼ ਬਾਜੇਕੇ, ਬੀਕੇਯੂ ਡਕੌਂਦਾ (ਧਨੇਰ) ਤੋਂ ਜਗੀਰ ਸਿੰਘ ਖਾਰਾ, ਡੀ.ਟੀ.ਐੱਫ. ਫ਼ਿਰੋਜ਼ਪੁਰ ਤੋਂ ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਐਸ.ਐੱਸ.ਏ./ਰਮਸਾ ਦਫ਼ਤਰੀ ਕਰਮਚਾਰੀਆਂ ਯੂਨੀਅਨ ਤੋਂ ਸਰਬਜੀਤ ਸਿੰਘ ਟੁਰਨਾ, ਰਜਿੰਦਰ ਸਿੰਘ ਸੰਧਾ, ਕੁਲ ਹਿੰਦ ਕਿਸਾਨ ਸਭਾ ਤੋਂ ਗੁਰਦਿੱਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਸੁਖਦੇਵ ਸਿੰਘ ਅਰਾਈਆਂ ਵਾਲਾ, ਕਿਸਾਨ ਸਟੂਡੈਂਟ ਯੂਨੀਅਨ ਤੋਂ ਜਗਰੂਪ ਸਿੰਘ ਭੁੱਲਰ, ਕੰਪਿਊਟਰ ਅਪਰੇਟਰ ਡਾਟਾ ਐਂਟਰੀ ਯੂਨੀਅਨ ਫਰਦ ਕੇਂਦਰ ਤੋਂ ਬਲਵਿੰਦਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਟੀਐੱਸਯੂ ਤੋਂ ਚੰਨਣ ਸਿੰਘ ਸਮੇਤ ਟੈਕਨੀਕਲ ਸਰਵਿਸ ਯੂਨੀਅਨ, ਬੀਕੇਯੂ ਮਾਨਸਾ, ਪੀਐਸਪੀਸੀਐੱਲ ਅੰਪਲਾਇਜ਼ ਫੈਡਰੇਸ਼ਨ, ਟੈਕਨੀਕਲ ਸਰਵਿਸ ਯੂਨੀਅਨ ਪੈਨਸ਼ਨਰ, ਕੌਮੀ ਕਿਸਾਨ ਯੂਨੀਅਨ ਅਤੇ ਬੀਕੇਯੂ ਪੰਜਾਬ ਦੇ ਆਗੂ ਹਾਜ਼ਰ ਸਨ।
ਆਖ਼ਰ ਵਿੱਚ ਆਗੂਆਂ ਨੇ ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ 16 ਜਨਵਰੀ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਸਰਕਾਰ ਨੂੰ ਲੋਕ ਵਿਰੋਧੀ ਨੀਤੀਆਂ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।

