ਅਧਿਆਪਕ ਜੋੜੇ ਨੂੰ ਇਨਸਾਫ਼ ਦਿਵਾਉਣ ਲਈ ਟੀਚਰਾਂ ਨੇ ਕਰ’ਤਾ ਵੱਡਾ ਐਲਾਨ
18 ਜਨਵਰੀ ਦੀ ਮੋਗਾ ਇਨਸਾਫ਼ ਰੈਲੀ ਦੀਆਂ ਤਿਆਰੀਆਂ ਜੋਰਾਂ ‘ਤੇ..!
15 ਜਨਵਰੀ ਨੂੰ ਮੋਗਾ ਸ਼ਹਿਰ ਦੇ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ: ਡੀ. ਟੀ. ਐਫ.
ਮੋਗਾ, 14 ਜਨਵਰੀ 2026-
ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਜਿਲ੍ਹਾ ਇਕਾਈ ਮੋਗਾ ਦੀ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਲ੍ਹਾ ਸਕੱਤਰ ਜਗਵੀਰਨ ਕੌਰ ਅਤੇ ਜਿਲ੍ਹਾ ਮੀਤ ਪ੍ਰਧਾਨ ਸਵਰਨਦਾਸ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਕਮੇਟੀ ਵੱਲੋਂ ਪਿਛਲੇ ਸਾਲ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਪਤੀ-ਪਤਨੀ ਦੇ ਅਨਾਥ ਹੋਏ ਬੱਚਿਆਂ ਦੀ ਪੰਜਾਬ ਸਰਕਾਰ ਵੱਲੋਂ ਬਾਂਹ ਫੜਨ ਦੀ ਬਜਾਏ ਉਹਨਾਂ ਦੇ ਪਰਿਵਾਰ ਨੂੰ 10-10 ਲੱਖ ਦਾ ਮੁਆਵਜ਼ਾ ਦੇ ਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ।
ਜਿਸ ਦੇ ਰੋਸ ਵਜੋਂ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਮੋਗਾ ਵਿਖੇ ਇਨਸਾਫ਼ ਰੈਲੀ ਰੱਖੀ ਗਈ ਹੈ ਜਿਸ ਵਿੱਚ ਡੀ. ਟੀ. ਐਫ. ਮੋਗਾ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗੀ, ਇਸ ਤੋਂ ਇਲਾਵਾ 15 ਜਨਵਰੀ ਨੂੰ ਮੋਗਾ ਸ਼ਹਿਰ ਦੇ ਬਾਜ਼ਾਰ ਵਿੱਚ ਮੋਗਾ ਜਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਰੱਖੇ ਗਏ ਕੈਂਡਲ ਮਾਰਚ ਵਿੱਚ ਵੀ ਜਿਲ੍ਹਾ ਕਮੇਟੀ ਆਪਣੇ ਕੇਡਰ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗੀ।
ਜਿਲ੍ਹਾ ਸੰਯੁਕਤ ਸਕੱਤਰ ਅਮਨਦੀਪ ਮਾਛੀਕੇ ਅਤੇ ਜਿਲ੍ਹਾ ਕਮੇਟੀ ਮੈਂਬਰ ਅਮਰਦੀਪ ਸਿੰਘ ਬੁੱਟਰ ਨੇ ਕਿਹਾ ਕਿ ਜਿਲ੍ਹਾ ਕਮੇਟੀ ਮੋਗਾ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਸਕੂਲ ਖੁੱਲ੍ਹਣ ਸਾਰ ਸਕੂਲਾਂ ਵਿੱਚ ਜਾ ਕੇ ਰਾਬਤਾ ਕਾਇਮ ਕਰੇਗੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਇਹ ਲੜਾਈ ਓਦੋਂ ਤੱਕ ਚੱਲੇਗੀ ਜਦ ਤੱਕ ਸਰਕਾਰ ਅਧਿਆਪਕ ਜੋੜੇ ਦੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੀ। ਇਸ ਸਮੇਂ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਜਗਦੇਵ ਸਿੰਘ ਮਹਿਣਾ, ਡਾਕਟਰ ਜਸਕਰਨ ਸਿੰਘ, ਮਧੂ ਬਾਲਾ, ਗੁਰਜੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਜਥੇਬੰਦੀ ਦੇ ਵਿਧਾਨ ਅਨੁਸਾਰ ਪੰਜਾਬ ਭਰ ਦੀਆਂ ਸਾਰੀਆਂ ਜਿਲ੍ਹਾ ਕਮੇਟੀਆਂ ਅਤੇ ਬਲਾਕ ਕਮੇਟੀਆਂ ਵੱਲੋਂ ਸਾਲ ਦੇ ਖਤਮ ਹੋਣ ‘ਤੇ ਫੰਡਾਂ ਦਾ ਹਿਸਾਬ ਜਾਰੀ ਕਰਨਾ ਹੁੰਦਾ ਹੈ, ਜਿਲ੍ਹਾ ਕਮੇਟੀਆਂ ਵੱਲੋਂ ਤਾਂ ਫੰਡਾਂ ਦਾ ਹਿਸਾਬ ਜਾਰੀ ਕਰ ਦਿੱਤਾ ਗਿਆ ਹੈ, ਪਰ ਅਜੇ ਪੰਜਾਬ ਭਰ ਵਿੱਚੋਂ ਬਹੁਤ ਘੱਟ ਬਲਾਕ ਕਮੇਟੀਆਂ ਨੇ ਫੰਡਾਂ ਦਾ ਹਿਸਾਬ ਜਾਰੀ ਕੀਤਾ ਹੈ, ਇਸ ਲਈ ਜਿਲ੍ਹਾ ਕਮੇਟੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਜਿਲ੍ਹੇ ਦੀਆਂ ਸਾਰੀਆਂ ਬਲਾਕ ਕਮੇਟੀਆਂ ਤੋਂ ਫੰਡਾਂ ਦਾ ਹਿਸਾਬ ਕਿਤਾਬ ਤੁਰੰਤ ਜਾਰੀ ਕਰਵਾਉਣ।

