ਸਿੱਖਿਆ ਵਿਭਾਗ ‘ਚ ਸਿਆਸੀ ਦਖਲਅੰਦਾਜ਼ੀ! ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਵਿੰਗ ਦੇ ਇੰਚਾਰਜ ਨਿਯੁਕਤ
ਸਿੱਖਿਆ ਵਿਭਾਗ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਸਿੱਧਾ ਰਾਹ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਸਿੱਖਿਆ ਵਿਭਾਗ ਵਿੱਚ ਸੈਂਕੜੇ ਪ੍ਰਬੰਧਕੀ ਪੋਸਟਾਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਹੋਰ ਅਮਲੇ ਦੀਆਂ ਖ਼ਾਲੀ ਹੋਣ ਕਰਕੇ ਸਿੱਖਿਆ ਕ੍ਰਾਂਤੀ ਦੀ ਤਾਂ ਪਹਿਲਾਂ ਹੀ ਫੂਕ ਨਿਕਲ ਚੁੱਕੀ ਹੈ
ਜਲੰਧਰ 14 ਜਨਵਰੀ 2026-
ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ ਅਤੇ ਸਿੱਖਿਆ ਵਿਭਾਗ ਵਿੱਚ ਨਵੇਂ-ਨਵੇਂ ਤਜਰਬੇ ਕਰਕੇ ਸਿੱਖਿਆ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਹੁਣ ਸਰਕਾਰ ਸਿੱਖਿਆ ਵਿਭਾਗ ਪੰਜਾਬ ਵਿੱਚ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਕਰਨ ਲਈ ਆਪ ਪਾਰਟੀ ਦੇ “ਸਿੱਖਿਆ ਵਿੰਗ” ਦੇ ਰਾਜ, ਜ਼ੋਨ ਅਤੇ ਜ਼ਿਲ੍ਹਾ ਪੱਧਰੀ ਇੰਚਾਰਜ ਨਿਯੁਕਤ ਕਰ ਰਹੀ ਹੈ ਜਿਸ ਲਈ ਪਾਰਟੀ ਲੈਟਰਪੈਡ ‘ਤੇ ਨਿਯੁਕਤੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਕਿ ਇਹ ਨਿਯੁਕਤੀਆਂ ਸਿੱਖਿਆ ਵਿਭਾਗ ਵਿੱਚ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਜਦਕਿ ਪਹਿਲਾਂ ਇਹਨਾਂ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਆਪਣੇ ਮੈਂਬਰਾਂ ਨੂੰ ਧੱਕੇ ਨਾਲ ਸ਼ਾਮਿਲ ਕੀਤਾ ਅਤੇ ਸਕੂਲਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਫੇਰ ਸਕੂਲਾਂ ਨੂੰ ਸਿਆਸੀ ਅਖਾੜੇ ਬਣਾਉਣ ਦੀ ਨੀਅਤ ਨਾਲ ਇਹ ਸਾਰਾ ਕੁੱਝ ਵਾਪਰ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਅਖੌਤੀ ਨਾਅਰਾ ਅਤੇ ਦਿੱਲੀ ਮਾਡਲ ਸਾਰੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਕਿਉਂਕਿ ਸਕੂਲਾਂ ਵਿੱਚ ਪ੍ਰਬੰਧ ਚਲਾਉਣ ਵਾਲੀਆਂ ਸੈਂਕੜੇ ਅਸਾਮੀਆਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਤੇ ਹੋਰ ਅਮਲੇ ਦੀਆਂ ਖ਼ਾਲੀ ਪਈਆਂ ਹਨ ਜਿਹਨਾਂ ਨੂੰ ਭਰਨ ਦੀ ਲੋੜ ਹੈ ਇੱਥੋਂ ਤੱਕ ਕਿ ਸਿੱਖਿਆ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀਆਂ ਸਾਰੀਆਂ ਅਸਾਮੀਆਂ ਖ਼ਾਲੀ ਹਨ ਅਤੇ ਲੋਕਾਂ ਦਾ ਪੈਸਾ ਖਰਚ ਕਰਕੇ ਸਿਰਫ ਮਸ਼ਹੂਰੀਆਂ ਵਿੱਚ ਸਿੱਖਿਆ ਕ੍ਰਾਂਤੀ ਦਾ ਡਰਾਮਾ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ।
ਉਹਨਾਂ ਹੋਰ ਕਿਹਾ ਕੇ ਹਾਲੇ ਤਾਂ ਨਰਸਰੀ ਵਾਲੇ ਬੱਚਿਆਂ ਨੂੰ ਸਾਲ ਬੀਤ ਜਾਣ ਦੇ ਬਾਵਜੂਦ ਵਰਦੀਆਂ ਵੀ ਨਸੀਬ ਨਹੀਂ ਹੋਈਆਂ। ਪਹਿਲਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਨਸੀਬ ਨਹੀਂ ਹੋਈਆਂ ਹਨ ਤੇ ਪੰਜਾਬ ਭਰ ਦੇ ਲੋਕਾਂ ਨੂੰ ਸਿੱਖਿਆ ਕਰਾਂਤੀ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਿਆ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਪੁਰੋਵਾਲ, ਗੁਰਪ੍ਰੀਤ ਸਿੰਘ ਅਮੀਵਾਲ, ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ, ਗੁਰਦੀਪ ਬਾਜਵਾ ਤੇ ਹਰਿੰਦਰ ਮੱਲੀਆਂ, ਨੇ ਕਿਹਾ ਕਿ ਪੌਣੇ ਚਾਰ ਸਾਲ ਵੀ ਬੀਤਣ ਮਗਰੋਂ ਵੀ ਸਿੱਖਿਆ ਮੰਤਰੀ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਹਰ ਫਰੰਟ ‘ਤੇ ਫੇਲ੍ਹ ਸਾਬਿਤ ਹੋਏ ਹਨ। ਪਾਰਦਰਸ਼ੀ ਢੰਗ ਨਾਲ ਬਦਲੀਆਂ, ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ, ਪੰਜਾਬ ਸਰਕਾਰ ਦੀ ਆਪਣੀ ਸਿੱਖਿਆ ਨੀਤੀ ਨੂੰ ਬਣਾਉਣ ਦੇ ਫੋਕੇ ਦਾਅਵੇ ਇਸ਼ਤਿਹਾਰ ਬਾਜ਼ੀਆਂ ਕਰਨ ਵਾਲੇ ਸਿੱਖਿਆ ਮੰਤਰੀ ਹੁਣ ਤੱਕ ਫੇਲ੍ਹ ਸਾਬਿਤ ਹੋਏ ਹਨ।
ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦੇਣ ਵਿੱਚ ਅਸਮਰੱਥ ਹੈ ਤਾਂ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਹੋਇਆਂ ਸਿੱਖਿਆ ਮੰਤਰੀ ਪੰਜਾਬ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲਾਂ ਵਿੱਚ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਵੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਸਕੂਲ ਮੁਖੀ ਅਤੇ ਅਧਿਆਪਕ ਆਪਦੇ ਪੱਲਿਓਂ ਖਰਚ ਕਰਕੇ ਮਿਡ ਡੇ ਮੀਲ ਬੱਚਿਆਂ ਨੂੰ ਖਵਾ ਰਹੇ ਹਨ। ਇਸ ਦੇ ਨਾਲ ਹੀ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਕੁੱਕ ਕਮ ਹੈਲਪਰ ਨੂੰ ਵੀ ਪੂਰੀ ਤਨਖਾਹ ਨਾ ਦੇ ਕੇ ਸਿਰਫ ਨਵੰਬਰ ਮਹੀਨੇ ਵਿੱਚ 1500 ਰੁਪਏ ਹੀ ਜਾਰੀ ਕੀਤੇ ਹਨ। ਜੋ ਕਿ ਸਰਕਾਰ ਦੀ ਅਤੇ ਵਿਭਾਗ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਰਹੇ ਹਨ ਇਸ ਤੋਂ ਅੱਗੇ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅਧਿਆਪਕਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਬੋਰਡ ਬਣਵਾਏ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਪਰ ਵਿਭਾਗ ਨੇ ਅਜੇ ਤੱਕ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਇਹ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ
ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ, ਰੋਪੜ ਤੋਂ ਧਰਮਿੰਦਰ ਸਿੰਘ ਭੰਗੂ, ਹੁਸ਼ਿਆਰਪੁਰ ਤੋਂ ਪ੍ਰਿਤਪਾਲ ਚੋਟਾਲਾ ਜਸਵੀਰ ਤਲਵਾੜਾ, ਜਲੰਧਰ ਤੋਂ ਸੁਖਵਿੰਦਰ ਮੱਕੜ ਮੋਗਾ ਤੋਂ ਜੱਜਪਾਲ ਬਾਜੇ ਕੇ, ਗੁਰਦਾਸਪੁਰ ਤੋਂ, ਦਿਲਦਾਰ ਭੰਡਾਲ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ ਬਰਾੜ ਅੰਮ੍ਰਿਤਸਰ ਤੋਂ ਸੁੱਚਾ ਸਿੰਘ ਟਰਪਈ, ਹਰਵਿੰਦਰ ਸਿੰਘ ਸੁਲਤਾਨਵਿੰਡ ਸੰਗਰੂਰ ਤੋਂ ਦੇਵੀ ਦਿਆਲ, ਸਤਵੰਤ ਆਲਮਪੁਰ, ਬਰਨਾਲਾ ਤੋਂ ਤੇਜਿੰਦਰ ਸਿੰਘ ਤੇਜੀ, ਜਲੰਧਰ ਤੋਂ ਸ੍ਰੀ ਗਣੇਸ਼ ਭਗਤ ਫਿਰੋਜਪੁਰ ਤੋਂ ਰਾਜੀਵ ਹਾਂਡਾ, ਬਲਵਿੰਦਰ ਸਿੰਘ ਭੁੱਟੋ, ਫਾਜਿਲਕਾ ਤੋਂ ਪਰਮਜੀਤ ਸਿੰਘ ਸੇਰੋਵਾਲ, ਨਿਸ਼ਾਂਤ ਅਗਰਵਾਲ ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਪਟਿਆਲਾ ਮਲੇਰਕੋਟਲਾ ਤੋਂ ਨੂਰ ਮੁਹੰਮਦ, ਕਮਲ ਜੈਨ, ਪਠਾਨਕੋਟ ਤੋਂ ਸੁਭਾਸ਼ ਚੰਦਰ, ਅਮ੍ਰਿਤਪਾਲ ਸਿੰਘ, ਗੁਰਮੇਲ ਸਿੰਘ ਕੁਰੜੀਆਂ ਮਾਨਸਾ ਤੋਂ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਸਿੱਧੂ ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜੀਵਨਜੋਤ ਮੱਲੀ, ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ, ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਪ੍ਰਭਜੀਤ ਰਸੂਲਪੁਰ, ਤਰਨਤਾਰਨ ਤੋਂ ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ, ਬਠਿੰਡਾ ਤੋਂ ਬਲਦੇਵ ਸਿੰਘ ਬਠਿੰਡਾ ਹਾਜ਼ਰ ਸਨ।

