ਵਰ੍ਹਦੇ ਮੀਂਹ ਅਤੇ ਕੜਾਕੇ ਦੀ ਠੰਡ ‘ਚ ਭਗਵੰਤ ਮਾਨ ਦੀ ਕੋਠੀ ਅੱਗੇ ਗਰਜੇ ਮਜ਼ਦੂਰ
ਜਮੀਨ ਹੱਦਬੰਦੀ ਕਾਨੂੰਨ ਤੋਂ ਉੱਪਰਲੀ ਜਮੀਨ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਣ ਦੀ ਮੰਗ
ਬੇਚਿਰਾਗ ਪਿੰਡ ਦੀ ਜਮੀਨ ਵਿੱਚ ਬੇਗਮਪੁਰਾ ਵਸਾਉਣ ਦਾ ਐਲਾਨ
ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ 8 ਜਨਵਰੀ ਦੀ ਮੀਟਿੰਗ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਮਜ਼ਦੂਰ
ਦਲਜੀਤ ਕੌਰ, ਸੰਗਰੂਰ
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ ਦੇ ਸੈਂਕੜੇ ਪਿੰਡਾਂ ਚੋਂ ਹਜ਼ਾਰਾਂ ਦੀ ਗਿਣਤੀ ‘ਚ ਦਲਿਤ ਮਜ਼ਦੂਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਨਜਦੀਕ ਵਿਸ਼ਾਲ ਰੋਸ ਧਰਨਾ ਦਿਤਾ ਗਿਆ। ਇਸ ਤੋਂ ਬਾਅਦ ਉਪਰੋਕਤ ਮੰਗਾ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜੋਸ਼ੀਲੇ ਨਾਅਰੇ ਮਾਰਦੇ ਹੋਏ ਰੋਸ ਮਾਰਚ ਕੀਤਾ ਗਿਆ। ਜਿੱਥੇ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਸੰਗਰੂਰ ਦੇ ਪ੍ਰਸਾਸ਼ਨ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ 8 ਜਨਵਰੀ ਦੀ ਮੀਟਿੰਗ ਕਰਵਾਉਣ ਸਬੰਧੀ ਲਿਖਤੀ ਪੱਤਰ ਸੌਂਪਿਆ ਅਤੇ ਲੋਕਲ ਮੰਗਾਂ ਮਸਲਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸੰਗਰੂਰ ਨਾਲ 27 ਦਸੰਬਰ ਦੀ ਮੀਟਿੰਗ ਤਹਿ ਕਰਵਾਈ ਗਈ। ਇਸ ਤੋਂ ਬਾਅਦ ਮਜ਼ਦੂਰ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਤੇ ਜਰਨਲ ਸਕੱਤਰ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਸਰਕਾਰ ਮਨੂੰਵਾਦੀ ਵਿਚਾਰਧਾਰਾ ਤਹਿਤ ਲਗਾਤਾਰ ਦਲਿਤ ਵਿਰੋਧੀ ਹੈ ਉੱਥੇ ਹੀ ਬਦਲਾਅ ਦੇ ਨਾਅਰੇ ਹੇਠ ਸੱਤਾ ਵਿਚ ਆਈ ਆਪ ਸਰਕਾਰ ਵੀ ਦਲਿਤਾਂ ‘ਤੇ ਮਜ਼ਦੂਰਾਂ ਦੇ ਹੱਕਾ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਥੇ ਮਜਦੂਰਾਂ ਦੀਆਂ ਬੁਨਿਆਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।
ਇਸ ਮੌਕੇ ਬਿੱਕਰ ਸਿੰਘ ਹਥੋਆ, ਜਗਤਾਰ ਸਿੰਘ ਤੋਲੇਵਾਲ, ਗੁਰਵਿੰਦਰ ਸਿੰਘ ਬੌੜਾਂ, ਗੁਰਚਰਨ ਸਿੰਘ ਘਰਾਚੋਂ ਅਤੇ ਗੁਰਦਾਸ ਸਿੰਘ ਜਲੂਰ ਨੇ ਕਿਹਾ ਕਿ ਇਥੇ ਦੋ ਵਾਰ ਭੂਮੀ ਸੁਧਾਰ ਹੋਣ ਤੋਂ ਬਾਅਦ ਵੀ ਜਮੀਨੀ ਪੱਧਰ ‘ਤੇ ਵਾਫ਼ਰ ਜਮੀਨਾਂ ਦੀ ਵੰਡ ਨਹੀਂ ਕੀਤੀ ਗਈ। ਜਿਸ ਦੀ ਮਿਸਾਲ ਬੀੜ ਐਸਵਾਨ ਦੀ ਸੈਂਕੜੇ ਏਕੜ ਜਮੀਨ ਹੈ। ਆਗੂਆਂ ਨੇ ਕਿਹਾ ਕਿ ਇਸ ਦੀ ਵੰਡ ਕੀਤੇ ਬਿਨਾਂ ਦਲਿਤ ਮਜ਼ਦੂਰਾਂ ਦੀ ਮੁਕਤੀ ਸੰਭਵ ਨਹੀਂ ਹੈ। ਇਸ ਤੋਂ ਬਿਨਾਂ ਨਜੂਲ ਜਮੀਨ ਦੀ ਮਾਲਕੀ ਨਾ ਦੇਣ ਲਈ ਆਪ ਸਰਕਾਰ ਦਾ ਹਾਈ ਕੋਰਟ ਦੀ ਡਬਲ ਬੈੰਚ ਤੇ ਅਪੀਲ ਕਰਨਾ ਸਿਰੇ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਸਿਖਰ ਹੈ। ਉਹਨਾਂ ਤੁਰੰਤ ਇਸ ਅਪੀਲ ਨੂੰ ਵਾਪਿਸ ਲੈ ਕੇ ਮਾਲਕੀ ਹੱਕ ਦੇਣ ਦੀ ਮੰਗ ਕੀਤੀ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੰਚਾਇਤੀ ਜਮੀਨਾਂ ਦਾ ਤੀਸਰਾ ਹਿੱਸਾ ਦਲਿਤਾਂ ਨੂੰ ਪੱਕੇ ਤੌਰ ‘ਤੇ ਦਿਤਾ ਜਾਵੇ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਦਿਤੇ ਜਾਣ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਲਈ ਰਜਿਸਟਰੀਆਂ ਤੁਰੰਤ ਜਾਰੀ ਕੀਤੀਆਂ ਜਾਣ, ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਮਜਦੂਰਾਂ ਦਾ ਸਮੁਚਾ ਕਰਜ਼ਾ ਮੁਆਫ ਕੀਤਾ ਜਾਵੇ, ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ ਮਜ਼ਦੂਰਾਂ ਦੀ ਦਿਹਾੜੀ ਹਰ ਖੇਤਰ ਵਿੱਚ 1000 ਰੁਪਏ ਕੀਤੀ ਜਾਵੇ, ਦਲਿਤ ਮਜ਼ਦੂਰਾਂ ਨਾਲ ਹੁੰਦਾਂ ਜਾਤੀ ਵਿਤਕਰਾ ਖ਼ਤਮ ਕੀਤਾ ਜਾਵੇ।
ਅੰਤ ਵਿੱਚ ਸੁਖਵਿੰਦਰ ਸਿੰਘ ਮਾਨਸਾ ਵੱਲੋਂ ਧਰਨੇ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਪਿੰਡ ਪੱਧਰੀ ਵਿਸ਼ਾਲ ਸੰਘਰਸ਼ਾਂ ਦੀ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਸਿੰਗਾਰਾ ਸਿੰਘ ਹੇੜੀਕੇ, ਗੁਰਵਿੰਦਰ ਸ਼ਾਦੀਹਰੀ, ਧਰਮਪਾਲ ਨੂਰਖੇੜੀਆਂ, ਇਸਤਰੀ ਜਾਗਰਤੀ ਮੰਚ ਦੇ ਜਨਰਲ ਸਕੱਤਰ ਅਮਨ ਦਿਓਲ, ਪੰਜਾਬ ਸਟੂਡੈਂਟ ਯੂਨੀਅਨ ਤੋਂ ਕਮਲ ਬਾਘਾਪੁਰਾਣਾ ਆਦਿ ਨੇ ਵੀ ਸੰਬੋਧਨ ਕੀਤਾ।