ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਲੰਗਰ ਖਾਣ ਨਾਲ 50 ਤੋਂ ਵੱਧ ਸ਼ਰਧਾਲੂ ਬਿਮਾਰ, ਹਸਪਤਾਲ ਦਾਖ਼ਲ
ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਲੰਗਰ ਖਾਣ ਨਾਲ 50 ਤੋਂ ਵੱਧ ਸ਼ਰਧਾਲੂ ਬਿਮਾਰ, ਹਸਪਤਾਲ ਦਾਖ਼ਲ
ਲੁਧਿਆਣਾ, 14 ਜਨਵਰੀ 2026- ਲੁਧਿਆਣਾ ਦੇ ਨਜ਼ਦੀਕੀ ਪਿੰਡ ਇਆਲੀ ਕਲਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅੱਜ ਗੁਰਦੁਆਰਾ ਸਾਹਿਬ ‘ਚ ਸੰਗਰਾਂਦ ਮੌਕੇ ਲੰਗਰ ਛਕਣ ਤੋਂ ਬਾਅਦ 50 ਤੋਂ ਵੱਧ ਸ਼ਰਧਾਲੂਆਂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਲੰਗਰ ਵਿੱਚ ਵਰਤਾਇਆ ਗਿਆ ਗਜਰੇਲਾ ਖਾਣ ਤੋਂ ਬਾਅਦ ਲੋਕਾਂ ਨੂੰ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਹੋਣ ਲੱਗੀ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ‘ਫੂਡ ਪੋਇਜ਼ਨਿੰਗ’ (Food Poisoning) ਦਾ ਲੱਗ ਰਿਹਾ ਹੈ। ਗਜਰੇਲਾ ਖਾਣ ਤੋਂ ਕੁਝ ਦੇਰ ਬਾਅਦ ਹੀ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਕਈ ਲੋਕ ਬਿਮਾਰ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
ਪਿੰਡ ਦੇ ਮੋਹਤਬਾਰਾਂ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰ ਲੰਗਰ ਤਿਆਰ ਕਰਨ ਵਿੱਚ ਕਿੱਥੇ ਲਾਪਰਵਾਹੀ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਸਿਹਤ ਵਿਭਾਗ ਵੱਲੋਂ ਲੰਗਰ ਦੇ ਨਮੂਨੇ (Samples) ਲਏ ਜਾ ਰਹੇ ਹਨ ਤਾਂ ਜੋ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਜ਼ਿਆਦਾਤਰ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਪੂਰੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਚਿੰਤਾ ਪਾਈ ਜਾ ਰਹੀ ਹੈ।
ਇੱਕ ਡਾਕਟਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਜਿੱਥੋਂ ਤੱਕ ਅਸੀਂ ਮਰੀਜ਼ਾਂ ਦੀ ਜਾਂਚ ਕੀਤੀ ਹੈ ਤਾਂ, ਇਹੋ ਲੱਗ ਰਿਹਾ ਹੈ ਕਿ ਖੋਏ ਵਿੱਚ ਦਿੱਕਤ ਹੋ ਸਕਦੀ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ।

