ਡਾ. ਬਲਰਾਮ ਸ਼ਰਮਾ ਵੱਲੋਂ PSEB ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਡਾ.ਬਲਰਾਮ ਸ਼ਰਮਾ ਵੱਲੋਂ PSEB ਦੇ ਚੇਅਰਮੈਨ ਡਾ.ਅਮਰਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
– ਸਿੱਖਿਆ ਬੋਰਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੀ ਵਿਚਾਰ-ਚਰਚਾ
ਚੰਡੀਗੜ੍ਹ, 15 ਜਨਵਰੀ 2026-
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਮੋਹਾਲੀ ਵਿਖੇ ਨੈਸ਼ਨਲ ਅਵਾਰਡੀ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਬਲਰਾਮ ਸ਼ਰਮਾ ਵੱਲੋਂ ਸਿੱਖਿਆ ਬੋਰਡ (PSEB) ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਸਿੱਖਿਆ ਬੋਰਡ ਦੀ ਕਾਰਗੁਜ਼ਾਰੀ ਅਤੇ ਪ੍ਰੀਖਿਆ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ਡਾ. ਅਮਰਪਾਲ ਸਿੰਘ (ਸਾਬਿਕ ਆਈ. ਏ.ਐਸ.) ਦੇ ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਨਾਲ ਬੋਰਡ ਦੀ ਕਾਰਗੁਜ਼ਾਰੀ ਵਿੱਚ ਤੇਜ਼ੀ ਅਤੇ ਨਵੀਨਤਾ ਆਈ ਹੈ। ਇਸ ਮੁਲਾਕਾਤ ਮੌਕੇ ਬੋਰਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਜਿਹੜੇ ਅਹਿਮ ਨੁਕਤਿਆਂ ਅਤੇ ਸੁਝਾਵਾਂ ਤੇ ਵਿਚਾਰ ਚਰਚਾ ਕੀਤੀ ਗਈ।
ਉਨ੍ਹਾਂ ਵਿੱਚ ਸਕੂਲਾਂ ਅੰਦਰ ਫਰਜ਼ੀ ਦਾਖਲਿਆਂ ਨੂੰ ਠੱਲ ਪਾਉਣ ਲਈ ਬਾਰਵੀਂ ਜਮਾਤ ਦੀ ਓਪਨ ਸਿੱਖਿਆ ਪ੍ਰਣਾਲੀ ਵਿੱਚ ਸਾਇੰਸ ਅਤੇ ਕਮਰਸ ਦੇ ਵਿਸ਼ੇ ਲਾਗੂ ਕਰਨ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਅਕ ਮੁਕਾਬਲੇ ਮੁੜ ਸ਼ੁਰੂ ਕਰਨ, ਬੋਰਡ ਦੇ ਵੱਖ-ਵੱਖ ਕਾਰਜਾਂ ਵਿੱਚ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਸਬੰਧੀ, ਸਿੱਖਿਆ ਬੋਰਡ ਵੱਲੋਂ ਛਾਪੇ ਜਾ ਰਹੇ ਮੈਗਜ਼ੀਨ ‘ਪ੍ਰਾਇਮਰੀ ਸਿੱਖਿਆ’ ਅਤੇ ‘ਪੰਖੜੀਆਂ’ ਨੂੰ ਹੋਰ ਬਿਹਤਰ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਸਬੰਧੀ, ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅਧਿਆਪਕਾਂ ਦੀਆਂ ਵੱਖ-ਵੱਖ ਡਿਊਟੀਆਂ ਸਬੰਧੀ ਉਹਨਾਂ ਦੇ ਰਿਹਾਇਸ਼ੀ ਪਤੇ ਨੂੰ ਧਿਆਨ ਵੀ ਵਿੱਚ ਰੱਖਣ ਬਾਰੇ ਕੁੱਝ ਅਹਿਮ ਨੁਕਤਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਡਾ. ਬਲਰਾਮ ਸ਼ਰਮਾ ਵੱਲੋਂ ਬੋਰਡ ਦੇ ਚੇਅਰਮੈਨ ਨੂੰ ਸੁਝਾਵਾਂ ਦੀ ਇੱਕ ਕਾਪੀ ਸੌਂਪੀ ਜਿਸ ਬਾਰੇ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਸੰਜੀਦਗੀ ਨਾਲ ਵਿਚਾਰ ਕਰਨ ਉਪਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।

