ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਮੰਗਦੇ ਟੀਚਰਾਂ ਤੇ ਪੁਲਿਸ ਵੱਲੋਂ ਲਾਠੀਚਾਰਜ- ਨੈਸ਼ਨਲ ਹਾਈਵੇ ਜਾਮ

All Latest NewsNews FlashPunjab NewsTop BreakingTOP STORIES

 

ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਮੰਗਦੇ ਟੀਚਰਾਂ ਤੇ ਪੁਲਿਸ ਵੱਲੋਂ ਲਾਠੀਚਾਰਜ- ਨੈਸ਼ਨਲ ਹਾਈਵੇ ਜਾਮ

Punjab News, 18 ਜਨਵਰੀ 2026

ਮ੍ਰਿਤਕ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੋਗਾ ‘ਚ ਅਧਿਆਪਕ ਜਥੇਬੰਦੀਆਂ ਨੇ ਫਿਰੋਜ਼ਪੁਰ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚ ਆਪਸ ਵਿਚ ਹਲਕੀ ਹੱਥੋਪਾਈ ਹੋ ਗਈ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀਆਂ ਲਗਾਈਆਂ ਰੋਕਾਂ ਦੇ ਬਾਵਜੂਦ ਹਾਈਵੇ ਜਾਮ ਕਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੋਗਾ ਦੀ ਅਨਾਜ਼ ਮੰਡੀ ਵਿਚ ਇਕੱਤਰ ਹੋ ਕੇ ਰੋਹ ਭਰਪੂਰ ਰੈਲੀ ਕੀਤੀ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪਣੀ ਜਾਨ ਗਵਾਉਣ ਵਾਲੇ ਪਤੀ -ਪਤਨੀ ਅਧਿਆਪਕ ਜੋੜੇ ਦੇ ਅਨਾਥ ਹੋਏ ਬੱਚਿਆਂ ਦੀ ਪੰਜਾਬ ਸਰਕਾਰ ਵੱਲੋਂ ਬਾਂਹ ਫੜ੍ਹਨ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨੂੰ 10-10 ਲੱਖ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਨਾਲ ਕੋਝਾਂ ਮਜ਼ਾਕ ਕੀਤਾ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਧਾਲੀਵਾਲ, ਦਿਗਵਿਜੇਪਾਲ ਸ਼ਰਮਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਗੁਰਬਿੰਦਰ ਸਿੰਘ, ਵਿਕਰਮ ਦੇਵ ਸਿੰਘ, ਜਰਮਨਜੀਤ ਸਿੰਘ, ਹਰਜਿੰਦਰ ਸਿੰਘ ਪੰਨੂ, ਸੁਰਿੰਦਰ ਪੁਆਰੀ, ਹਰਜੰਟ ਬੌਡੇ, ਜਸਵੀਰ ਤਲਵਾੜਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਮੋਗਾ ਵਿਚ ਹੀ ਚਾਰ ਕੈਂਡਲ ਮਾਰਚ ਅਤੇ ਪੂਰੇ ਪੰਜਾਬ ਵਿਚ ਕੈਂਡਲ ਮਾਰਚ ਕਰਕੇ ਅਧਿਕਾਰੀਆਂ ਨੂੰ ਇਸ ਪਰਿਵਾਰ ਨੂੰ ਇਨਸਾਫ ਦੇਣ ਲਈ ਮੰਗ ਪੱਤਰ ਵੀ ਦਿੱਤੇ ਗਏ ਸਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਜਦ ਤੱਕ ਪਰਿਵਾਰ ਨੂੰ ਦੋ-ਦੋ ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ, ਉਨ੍ਹਾਂ ਦੇ ਬੱਚਿਆਂ ਦੀ ਤਮਾਮ ਪੜ੍ਹਾਈ ਦਾ ਖਰਚ ਪੰਜਾਬ ਸਰਕਾਰ ਨਹੀਂ ਚੁੱਕਦੀ ਅਤੇ ਉਨ੍ਹਾਂ ਦੀ ਨੌਕਰੀ ਦੀ ਲਿਖਤੀ ਗਰੰਟੀ ਨਹੀਂ ਕੀਤੀ ਜਾਂਦੀ, ਸਾਰੀਆਂ ਅਧਿਆਪਕ ਜਥੇਬੰਦੀਆਂ ਇਸੇ ਤਰ੍ਹਾਂ ਪੂਰੇ ਪੰਜਾਬ ਵਿਚ ਰੋਹ ਭਰਪੂਰ ਰੈਲੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਖਦੇੜਨ ਲਈ ਪਹਿਲਾਂ ਦਾਣਾ ਮੰਡੀ ਨੂੰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਅਤੇ ਜਦੋਂ ਅਧਿਆਪਕਾਂ ਨੇ ਰੋਕਾਂ ਤੋੜੀਆਂ ਤਾਂ ਅਧਿਆਪਕਾਂ ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਜਦੋਂ ਦੀ ਭਗਵੰਤ ਮਾਨ ਸਰਕਾਰ ਹੋਂਦ ਵਿਚ ਆਈ ਹੈ, ਇਸ ਸਰਕਾਰ ਨੇ ਇਕ ਵੀ ਮੁਲਾਜ਼ਮ ਪੱਖੀ ਫੈਂਸਲਾ ਨਹੀਂ ਲਿਆ। ਅਧਿਆਪਕਾਂ ਤੇ ਮੁਲਾਜਮਾਂ ਦੇ ਬਹੁਤ ਸਾਰੇ ਮੰਗਾਂ ਮਸਲੇ ਜਿਉਂ ਦੀ ਤਿਉਂ ਖੜ੍ਹੇ ਹਨ। ਇਸੇ ਤਹਿਤ ਹੀ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਵਿਚ ਦੂਰਦੂਰ ਲਗਾਈਆਂ ਗਈਆਂ ਸੀ।

ਜਦੋਂ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਧੁੰਦ ਅਤੇ ਠੰਡ ਦਾ ਮੌਸਮ ਹੈ। ਇਸੇ ਧੁੰਦ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਅਤੇ ਇਹ ਹਾਦਸਾ ਵਾਪਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਅਤੇ ਉੱਚ ਅਧਿਕਾਰੀ ਨੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਜਾ ਕੇ ਦੁੱਖ ਵੰਡਾਉਣਾ ਵੀ ਜਾਇਜ਼ ਨਹੀਂ ਸਮਝਿਆ। ਪ੍ਰਸ਼ਾਸਨ ਵੱਲੋਂ 28 ਜਨਵਰੀ ਨੂੰ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਨ ਤੋਂ ਬਾਅਦ ਦਿੱਤੇ ਭਰੋਸੇ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ।

 

Media PBN Staff

Media PBN Staff