Big Breaking: ਸੁਪਰੀਮ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ! ਪੰਜਾਬ ਕੇਸਰੀ ਅਖ਼ਬਾਰ ਦੇ ਹੱਕ ਚ ਆਇਆ ਅਹਿਮ ਫ਼ੈਸਲਾ
ਸੁਪਰੀਮ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਪੰਜਾਬ ਕੇਸਰੀ ਅਖ਼ਬਾਰ ਦੇ ਹੱਕ ਚ ਆਇਆ ਅਹਿਮ ਫ਼ੈਸਲਾ
ਨਵੀਂ ਦਿੱਲੀ, 20 Jan 2026:
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਅੱਜ (ਮੰਗਲਵਾਰ) ਵੱਡਾ ਝਟਕਾ ਦਿੰਦਿਆਂ ਹੋਇਆ ਨਿਰਦੇਸ਼ ਦਿੱਤੇ ਹਨ ਕਿ ‘ਪੰਜਾਬ ਕੇਸਰੀ’ ਅਖ਼ਬਾਰ ਦੇ ਪ੍ਰਕਾਸ਼ਨ ਵਿਰੁੱਧ ਕੋਈ ਵੀ ਕਦਮ ਨਾ ਚੁੱਕਿਆ ਜਾਵੇ।
ਅਦਾਲਤ ਨੇ ਇਹ ਹੁਕਮ ਉਸ ਵੇਲੇ ਦਿੱਤਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਖ਼ਬਾਰ ਪ੍ਰਬੰਧਨ ਦੀ ਪਟੀਸ਼ਨ ‘ਤੇ ਫੈਸਲਾ ਸੁਣਾਉਣਾ ਅਜੇ ਬਾਕੀ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਅਖ਼ਬਾਰ ਦੀ ਪ੍ਰਿੰਟਿੰਗ ਪ੍ਰੈੱਸ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇਗੀ।
ਭਾਰਤ ਦੇ ਮੁੱਖ ਜੱਜ (CJI) ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਪੰਚੋਲੀ ਦੀ ਬੈਂਚ ਨੇ ਇਹ ਅੰਤਰਿਮ ਹੁਕਮ ਸੀਨੀਅਰ ਵਕੀਲ ਮੁਕੁਲ ਰੋਹਤਗੀ ਵੱਲੋਂ ਅਖ਼ਬਾਰ ਦੇ ਪੱਖ ਵਿੱਚ ਕੀਤੀ ਗਈ ਜ਼ਰੂਰੀ ਅਪੀਲ ਤੋਂ ਬਾਅਦ ਜਾਰੀ ਕੀਤਾ। ਅਦਾਲਤ ਨੇ ਕਿਹਾ ਕਿ ਇਹ ਰਾਹਤ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਅਤੇ ਉਸ ਤੋਂ ਇੱਕ ਹਫ਼ਤੇ ਬਾਅਦ ਤੱਕ ਜਾਰੀ ਰਹੇਗੀ।
ਅਦਾਲਤ ਵਿੱਚ ਅਖ਼ਬਾਰ ਦਾ ਪੱਖ ਰੱਖਦਿਆਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਅਖ਼ਬਾਰ ਨੇ ਸਰਕਾਰ ਦੇ ਖਿਲਾਫ਼ ਕੁਝ ਲੇਖ ਪ੍ਰਕਾਸ਼ਿਤ ਕੀਤੇ ਸਨ, ਜਿਸ ਤੋਂ ਬਾਅਦ ਸਿਰਫ਼ ਦੋ ਦਿਨਾਂ ਦੇ ਅੰਦਰ ਬਿਜਲੀ ਕੱਟਣ, ਪ੍ਰਦੂਸ਼ਣ ਬੋਰਡ ਦੇ ਨੋਟਿਸ, ਹੋਟਲ ਬੰਦ ਕਰਨ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ।
ਐਡਵੋਕੇਟ ਰੋਹਤਗੀ ਨੇ ਕਿਹਾ ਕਿ 20 ਸਾਲਾਂ ਤੋਂ ਚੱਲ ਰਹੀ ਪ੍ਰੈੱਸ ਨੂੰ ਪਾਣੀ ਦੇ ਪ੍ਰਦੂਸ਼ਣ ਦੇ ਬਹਾਨੇ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ। ਉਨ੍ਹਾਂ ਦਲੀਲ ਦਿੱਤੀ ਕਿ ਸਿਰਫ਼ ਸਰਕਾਰ ਦੇ ਉਲਟ ਲੇਖ ਛਾਪਣ ਕਾਰਨ ਪ੍ਰੈੱਸ ਦੀ ਆਜ਼ਾਦੀ ਨੂੰ ਨਹੀਂ ਕੁਚਲਿਆ ਜਾ ਸਕਦਾ।
ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਨੇ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਸਾਰੀਆਂ ਕਾਰਵਾਈਆਂ ਕਾਨੂੰਨ ਅਨੁਸਾਰ ਕੀਤੀਆਂ ਗਈਆਂ ਹਨ ਅਤੇ ਇਹ ਪ੍ਰਦੂਸ਼ਣ ਕਾਨੂੰਨ ਦੀ ਉਲੰਘਣਾ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੈੱਸ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸਨ।
ਮੁੱਖ ਜੱਜ ਸੂਰਿਆ ਕਾਂਤ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਟੋਕਦਿਆਂ ਕਿਹਾ, “ਅਖ਼ਬਾਰ ਨੂੰ ਨਹੀਂ ਰੋਕਿਆ ਜਾ ਸਕਦਾ। ਹੋਟਲ ਜਾਂ ਹੋਰ ਵਪਾਰਕ ਅਦਾਰੇ ਕੁਝ ਦਿਨਾਂ ਲਈ ਬੰਦ ਕੀਤੇ ਜਾ ਸਕਦੇ ਹਨ, ਪਰ ਅਖ਼ਬਾਰ ਨੂੰ ਚੱਲਣ ਦਿਓ।” ਜਦੋਂ ਸਰਕਾਰ ਨੇ ਸ਼ਰਾਬ ਦੀਆਂ ਬੋਤਲਾਂ ਮਿਲਣ ਦੀ ਗੱਲ ਕਹੀ, ਤਾਂ ਰੋਹਤਗੀ ਨੇ ਜਵਾਬ ਦਿੱਤਾ, “ਕੀ ਦੋ ਬੋਤਲਾਂ ਮਿਲਣ ਕਾਰਨ ਤੁਸੀਂ ਪੂਰਾ ਅਖ਼ਬਾਰ ਹੀ ਬੰਦ ਕਰ ਦਿਓਗੇ?” livelaw

