ਪੰਜਾਬ ਸਰਕਾਰ ਦੀ ਬੇਰੁਖ਼ੀ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ; ਕੰਪਿਊਟਰ ਅਧਿਆਪਕ ਹਰਿੰਦਰਪਾਲ ਸਿੰਘ ਦੀ ਮੌਤ
ਪੰਜਾਬ ਸਰਕਾਰ ਦੀ ਬੇਰੁਖ਼ੀ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ; ਕੰਪਿਊਟਰ ਅਧਿਆਪਕ ਹਰਿੰਦਰਪਾਲ ਸਿੰਘ ਦੀ ਮੌਤ
ਨਾ ਪੈਨਸ਼ਨ, ਨਾ ਬੀਮਾ, ਨਾ ਨੌਕਰੀ; ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਰੁਲਣ ਲਈ ਮਜ਼ਬੂਰ ਹੋਇਆ ਅਧਿਆਪਕ ਦਾ ਪਰਿਵਾਰ
ਜੈਤੋ/ਫਰੀਦਕੋਟ (ਬਿਊਰੋ), 22 ਜਨਵਰੀ 2026:
ਪੰਜਾਬ ਵਿੱਚ ਕੰਪਿਊਟਰ ਅਧਿਆਪਕਾਂ ਦੀ ਹੋ ਰਹੀ ਦੁਰਦਸ਼ਾ ਦੀ ਇੱਕ ਹੋਰ ਦਰਦਨਾਕ ਮਿਸਾਲ ਸਾਹਮਣੇ ਆਈ ਹੈ। ਸਰਕਾਰੀ ਹਾਈ ਸਕੂਲ ਮੱਲਾ (ਜੈਤੋ) ਵਿਖੇ ਤਾਇਨਾਤ ਕੰਪਿਊਟਰ ਅਧਿਆਪਕ ਹਰਿੰਦਰਪਾਲ ਸਿੰਘ ਦੀ ਅਚਾਨਕ ਹੋਈ ਮੌਤ ਨੇ, ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ, ਜਿਸ ਵਿੱਚ ਅਧਿਆਪਕਾਂ ਨੂੰ ‘ਰਾਸ਼ਟਰ ਨਿਰਮਾਤਾ’ ਕਿਹਾ ਜਾਂਦਾ ਹੈ।
ਹਰਿੰਦਰਪਾਲ ਸਿੰਘ ਦੇ ਬੀਤੇ ਦਿਨੀਂ ਹੋਏ ਅੰਤਿਮ ਸੰਸਕਾਰ ਮੌਕੇ ਮਾਹੌਲ ਬੇਹੱਦ ਗਮਗੀਨ ਸੀ। ਬਜ਼ੁਰਗ ਪਿਤਾ, ਜਿਸ ਨੇ ਆਪਣੇ ਇਕਲੌਤੇ ਪੁੱਤਰ ਦੀ ਅਰਥੀ ਨੂੰ ਮੋਢਾ ਦਿੱਤਾ, ਦਾ ਦਰਦ ਦੇਖਿਆ ਨਹੀਂ ਸੀ ਜਾ ਰਿਹਾ। ਹਰਿੰਦਰਪਾਲ ਸਿੰਘ ਦੀ ਪਤਨੀ, ਜੋ ਕਿ ਇੱਕ ਘਰੇਲੂ ਸੁਆਣੀ (Housewife) ਹੈ, ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਬੇਸੁਰਤ ਹੋਈ ਪਈ ਸੀ। ਪਰਿਵਾਰ ਦਾ ਇੱਕੋ-ਇੱਕ ਕਮਾਊ ਜੀਅ ਚਲੇ ਜਾਣ ਕਾਰਨ ਹੁਣ ਬਜ਼ੁਰਗ ਮਾਤਾ-ਪਿਤਾ ਅਤੇ ਮਾਸੂਮ ਬੱਚਿਆਂ ਸਿਰ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਸਰਕਾਰ ਦੀ ਨਲਾਇਕੀ- 100 ਤੋਂ ਵੱਧ ਮੌਤਾਂ, ਪਰ ਨੀਤੀ ਫਿਰ ਵੀ ਜ਼ੀਰੋ
ਕੰਪਿਊਟਰ ਅਧਿਆਪਕ ਯੂਨੀਅਨ ਦੇ ਸਾਥੀਆਂ ਨੇ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਰਿੰਦਰਪਾਲ ਸਿੰਘ ਹਰ ਸੰਘਰਸ਼ੀ ਰੈਲੀ ਵਿੱਚ ਅੱਗੇ ਹੋ ਕੇ ਹਿੱਸਾ ਲੈਂਦਾ ਸੀ, ਪਰ ਅਫ਼ਸੋਸ ਕਿ ਉਸ ਦੀ ਮੌਤ ‘ਤੇ ਸਰਕਾਰ ਵੱਲੋਂ ਨਾ ਕੋਈ ਪੈਨਸ਼ਨ, ਨਾ ਬੀਮਾ ਅਤੇ ਨਾ ਹੀ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਦੀ ਕੋਈ ਸਹੂਲਤ ਦਿੱਤੀ ਗਈ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ, ਹੁਣ ਤੱਕ 100 ਤੋਂ ਵੱਧ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਨ੍ਹਾਂ ਅਧਿਆਪਕਾਂ ਦੇ ਪਰਿਵਾਰ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹਨ। ਕਈ ਸਾਲਾਂ ਦੀ ਸੇਵਾ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਉਹ ਸਮਾਜਿਕ ਸੁਰੱਖਿਆ ਨਹੀਂ ਮਿਲ ਰਹੀ, ਜਿਸ ਦੇ ਉਹ ਹੱਕਦਾਰ ਹਨ।
ਸਿੱਖਿਆ ਪ੍ਰਣਾਲੀ ਦੀ ਤ੍ਰਾਸਦੀ ਇਹ ਬੜੀ ਮੰਦਭਾਗੀ ਗੱਲ ਹੈ ਕਿ ਜੋ ਅਧਿਆਪਕ ਪੰਜਾਬ ਦੇ ਬੱਚਿਆਂ ਨੂੰ ਡਿਜੀਟਲ ਯੁੱਗ ਨਾਲ ਜੋੜ ਰਹੇ ਹਨ, ਉਨ੍ਹਾਂ ਦਾ ਆਪਣਾ ਭਵਿੱਖ ਅਤੇ ਪਰਿਵਾਰ ਘੋਰ ਹਨੇਰੇ ਵਿੱਚ ਹੈ। ਮੱਲਾ ਸਕੂਲ ਦੇ ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਵਿੱਚ ਇੱਕ ਜੀਅ (ਪਤਨੀ) ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

