ਪੰਜਾਬ ‘ਚ ਪੇਂਡੂ ਓਲੰਪਿਕ ਕਰਵਾਉਣ ਦਾ ਸਰਕਾਰ ਨੇ ਕੀਤਾ ਐਲਾਨ! ਮਿਲਣਗੇ ਮੋਟੇ ਇਨਾਮ

All Latest NewsNews FlashPunjab NewsSports NewsTop BreakingTOP STORIES

 

ਕਿਲ੍ਹਾ ਰਾਏਪੁਰ ‘ਚ 30 ਜਨਵਰੀ ਤੋਂ 1 ਫਰਵਰੀ ਤੱਕ ਪੇਂਡੂ ਓਲੰਪਿਕ, ਤਿੰਨੇ ਦਿਨ ਹੋਣਗੀਆਂ ਬੈਲ ਗੱਡੀਆਂ ਦੀਆਂ ਦੌੜਾਂ

ਮੁੱਖ ਮੰਤਰੀ ਭਗਵੰਤ ਮਾਨ ਵੀ ਕਰਨਗੇ ਸ਼ਿਰਕਤ

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪੇਂਡੂ ਓਲੰਪਿਕ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਲਈ ਕਮੇਟੀ ਵੀ ਕੀਤੀ ਗਠਿਤ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪੰਜਾਬ ਵਾਸੀਆਂ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ

ਸੁਖਮਿੰਦਰ ਭੰਗੂ 

ਲੁਧਿਆਣਾ, 23 ਜਨਵਰੀ 2026- ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੱਚਤ ਭਵਨ ਲੁਧਿਆਣਾ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ 30 ਜਨਵਰੀ ਤੋਂ 1 ਫਰਵਰੀ ਤੱਕ ਪੇਂਡੂ ਓਲੰਪਿਕ ਦਾ ਆਯੋਜਨ ਕੀਤਾ ਜਾਵੇਗਾ।  ਇਹਨਾਂ ਖੇਡਾਂ ਵਿੱਚ ਤਿੰਨੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵੀ ਹੋਣਗੀਆਂ। ਇਹਨਾਂ ਖੇਡਾਂ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਸ਼ਿਰਕਤ ਕਰਨਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੂਰਬੀ) ਜਸਲੀਨ ਕੌਰ ਭੁੱਲਰ, ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਕੋਚ ਪਰਮਜੀਤ ਸਿੰਘ, ਸਪੋਕਸਮੈਨ ਗੁਰਿੰਦਰ ਸਿੰਘ ਗਰੇਵਾਲ, ਵਰਕਿੰਗ ਕਮੇਟੀ ਇੰਚਾਰਜ ਬਲਰਾਜ ਗਾਬਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਹ ਕਮੇਟੀ ਭਾਰਤੀ ਪਸ਼ੂ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੀ.ਸੀ.ਏ.) ਐਕਟ 1960 ਅਤੇ ਸੋਧਿਆ ਗਿਆ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ, 2019 ਦੀ ਪਾਲਣਾ ਕਰਨੀ ਯਕੀਨੀ ਬਣਾਏਗੀ।

ਉਨ੍ਹਾਂ ਕਿਹਾ ਕਿ ਲਗਾਤਾਰ ਤੀਜੇ ਸਾਲ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਓਲੰਪਿਕ ਦਾ ਆਯੋਜਨ ਕਰ ਰਹੀ ਹੈ।

ਹਿਮਾਂਸ਼ੂ ਜੈਨ ਵੱਲੋਂ ਪ੍ਰਸਿੱਧ ਕਿਲ੍ਹਾ ਰਾਏਪੁਰ ਰੂਰਲ ਓਲੰਪਿਕ-2026 ਦਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ 30 ਜਨਵਰੀ 2026 ਨੂੰ ਖੇਡਾਂ ਦੇ ਪਹਿਲੇ ਦਿਨ, ਸ਼ਡਿਊਲ ਵਿੱਚ ਹਾਕੀ ਮੈਚ (ਲੜਕੇ ਓਪਨ ਕੈਟਾਗਿਰੀ), ਹਾਕੀ ਮੈਚ (ਲੜਕੀਆਂ ਓਪਨ ਕੈਟਾਗਿਰੀ), 1500 ਮੀਟਰ (ਲੜਕੇ) ਫਾਈਨਲ, 1500 ਮੀਟਰ (ਲੜਕੀਆਂ) ਫਾਈਨਲ, 400 ਮੀਟਰ ਲੜਕੇ ਹੀਟਸ/ਫਾਈਨਲ, 400 ਮੀਟਰ ਲੜਕੀਆਂ ਹੀਟਸ/ਫਾਈਨਲ, 60 ਮੀਟਰ ਦੌੜ ਪ੍ਰਾਇਮਰੀ ਸਕੂਲ ਲੜਕੇ, 60 ਮੀਟਰ ਦੌੜ ਪ੍ਰਾਇਮਰੀ ਸਕੂਲ ਲੜਕੀਆਂ, ਬੈਲ ਗੱਡੀਆਂ ਦੀਆਂ ਦੌੜਾਂ (ਦੁਪਹਿਰ 12:15 ਤੋਂ ਸ਼ਾਮ ਤੱਕ) ਹੋਣਗੀਆਂ। ਉਦਘਾਟਨੀ ਸਮਾਰੋਹ ਦੌਰਾਨ ਗਿੱਧਾ, ਭੰਗੜਾ ਅਤੇ ਨਿਹੰਗ ਸਿੰਘਾਂ ਦੇ ਕਰਤੱਬ ਵੀ ਹੋਣਗੇ।

ਉਨ੍ਹਾਂ ਕਿਹਾ ਕਿ 31 ਜਨਵਰੀ 2026 ਨੂੰ ਹਾਕੀ ਮੈਚ (ਲੜਕੇ ਓਪਨ ਸੈਮੀਫਾਈਨਲ), ਹਾਕੀ ਮੈਚ (ਲੜਕੀਆਂ ਓਪਨ ਸੈਮੀਫਾਈਨਲ), ਕਬੱਡੀ ਸਰਕਲ ਸਟਾਈਲ (ਲੜਕੇ), ਸ਼ਾਟਪੁੱਟ (ਲੜਕੇ), ਸ਼ਾਟਪੁੱਟ (ਲੜਕੀਆਂ), ਕਬੱਡੀ ਸਰਕਲ ਸਟਾਈਲ (ਲੜਕੀਆਂ), ਕੱਬਡੀ ਨੈਸ਼ਨਲ ਸਟਾਈਲ ਅੰਡਰ 17 (ਲੜਕੀਆਂ),100 ਮੀਟਰ ਲੜਕੇ ਹੀਟਸ, 100 ਮੀਟਰ ਲੜਕੀਆਂ ਹੀਟਸ, ਬੈਲ ਗੱਡੀਆਂ ਦੀਆਂ ਦੌੜਾਂ (ਦੁਪਹਿਰ 12:00 ਤੋਂ 2:00 ਵਜੇ ਤੱਕ), ਲੌਂਗ ਜੰਪ ਲੜਕੇ ਫਾਈਨਲ, ਲੌਂਗ ਜੰਪ ਲੜਕੀਆਂ ਫਾਈਨਲ, 100 ਮੀਟਰ ਲੜਕੇ ਫਾਈਨਲ,100 ਮੀਟਰ ਲੜਕੀਆਂ ਫਾਈਨਲ, ਰੱਸਾ-ਕੱਸੀ ਲੜਕੇ ਅਤੇ ਬੈਲ ਗੱਡੀਆਂ ਦੀਆਂ ਦੌੜਾਂ (ਸ਼ਾਮ 4:00 ਵਜੇ ਤੋਂ) ਹੋਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ 1 ਫਰਵਰੀ 2026 ਨੂੰ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਸਾਲ ਲੜਕੀਆਂ, ਬੈਲ ਗੱਡੀਆਂ ਦੀਆਂ ਦੌੜਾਂ (ਸਵੇਰੇ 10:00 ਵਜੇ ਤੋਂ), ਕਬੱਡੀ ਸਰਕਲ ਸਟਾਈਲ ਇੱਕ ਪਿੰਡ ਓਪਨ (ਲੜਕੇ), ਸ਼ਾਟਪੁੱਟ (ਲੜਕੇ) ਫਾਈਨਲ, 200 ਮੀਟਰ ਲੜਕੇ ਹੀਟਸ ਫਾਈਨਲ, 200 ਮੀਟਰ ਲੜਕੀਆਂ ਹੀਟਸ ਫਾਈਨਲ, ਉੱਚੀ ਛਾਲ ਲੜਕੇ ਫਾਈਨਲ, ਸ਼ਾਟਪੁੱਟ (ਲੜਕੀਆਂ) ਫਾਈਨਲ, 800 ਮੀਟਰ ਲੜਕੇ ਫਾਈਨਲ, 800 ਮੀਟਰ ਲੜਕੀਆਂ ਫਾਈਨਲ, ਉੱਚੀ ਛਾਲ ਲੜਕੀਆਂ ਫਾਈਨਲ, 2000 ਮੀਟਰ ਸਾਈਕਲ ਦੌੜ ਲੜਕੇ, 2000 ਮੀਟਰ ਸਾਈਕਲ ਦੌੜ ਲੜਕੀਆਂ, 100 ਮੀਟਰ ਦੌੜ ਪੁਰਸ਼ (65+ ਸਾਲ), 100 ਮੀਟਰ ਦੌੜ ਪੁਰਸ਼ (75+ ਸਾਲ), 100 ਮੀਟਰ ਦੌੜ ਪੁਰਸ਼ (80+ ਸਾਲ), ਟਰਾਲੀ ਲੋਡਿੰਗ ਅਨਲੋਡਿੰਗ, ਟਰਾਈ ਸਾਈਕਲ ਦੌੜ, ਬੈਲ ਗੱਡੀਆਂ ਦੀਆਂ ਦੌੜਾਂ (ਸ਼ਾਮ 5:00 ਵਜੇ ਤੋਂ) ਹੋਣਗੀਆਂ।

ਉਨ੍ਹਾਂ ਕਿਹਾ ਮਸ਼ਹੂਰ ਪੰਜਾਬੀ ਗਾਇਕਾ ਵੱਲੋਂ ਖੇਡਾਂ ਦੇ ਤਿੰਨਾਂ ਦਿਨਾਂ ਦੌਰਾਨ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨੋਰੰਜਣ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਦਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਅਤੇ ਪੰਜਾਬ ਦੀ ਖੇਡ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਪਰ ਹੁਨਰ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ। ਇਹ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।

ਹਿਮਾਂਸ਼ੂ ਜੈਨ ਨੇ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਗੀਦਾਰਾਂ ਲਈ ਇੱਕ ਸੁਚਾਰੂ ਅਨੁਭਵ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗਾ ਅਤੇ ਕੋਈ ਵੀ ਅਸੁਵਿਧਾ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਲਈ ਇਨ੍ਹਾਂ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ 30 ਜਨਵਰੀ ਤੋਂ 1 ਫਰਵਰੀ ਤੱਕ ਪੇਂਡੂ ਓਲੰਪਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਕਿਲ੍ਹਾ ਰਾਏਪੁਰ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਹੋਣਗੀਆਂ। ਇਸ ਕਾਰਜ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਖੇਡਾਂ ਉੱਤੇ ਬਹੁਤ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ।

ਬੈਲ ਗੱਡੀਆਂ ਦੀਆਂ ਦੌੜਾਂ ਦੇ ਦੌਰਾਨ ਜੋ ਵੀ ਹਦਾਇਤਾਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇਗਾ।

ਜਿਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਵਿੱਚ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਦੇ ਮੈਂਬਰ ਵੀ ਸ਼ਾਮਿਲ ਕੀਤੇ ਗਏ ਹਨ।

ਉਨ੍ਹਾਂ ਦੇਸ਼-ਵਿਦੇਸ਼ ਵਿੱਚ ਬੈਠੇ ਖੇਡ ਪ੍ਰੇਮੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਹਨਾਂ ਖੇਡਾਂ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਅਤੇ ਸਾਡਾ ਹੌਸਲਾ ਵਧਾਉਣ। ਉਨ੍ਹਾਂ ਬੈਲ ਗੱਡੀਆਂ ਮਾਝਾ, ਦੁਆਬਾ ਅਤੇ ਮਾਲਵਾ ਦੀਆਂ ਯੂਨੀਅਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਾਰੇ ਕਿਲ੍ਹਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਜਰੂਰ ਹਿੱਸਾ ਲੈਣ।

ਬੈਲ ਗੱਡੀਆਂ ਦੀ ਐਂਟਰੀ 29 ਜਨਵਰੀ 2026 ਨੂੰ ਦੁਪਹਿਰ 2 ਵਜੇ ਤੱਕ ਹੋਵੇਗੀ। ਇਹਨਾਂ ਖੇਡਾਂ ਦੌਰਾਨ ਕਿਸੇ ਵੀ ਨਾਲ ਕਿਸੇ ਵੀ ਤਰ੍ਹਾਂ ਦਾ ਪੱਖ-ਪਾਤ ਨਹੀਂ ਕੀਤਾ ਜਾਵੇਗਾ।

 

Media PBN Staff

Media PBN Staff