ਪੰਜਾਬ ਪੁਲਿਸ ਵੇਖਦੀ ਰਹੀ ਤਮਾਸ਼ਾ… ਵਿਕਦੀ ਰਹੀ ਕਾਤਲ ਡੋਰ! ਜ਼ਖ਼ਮੀ ਹੋਏ ਲੋਕਾਂ ਦਾ ਜਿੰਮੇਵਾਰ ਕੌਣ?
ਪੰਜਾਬ ਪੁਲਿਸ ਵੇਖਦੀ ਰਹੀ ਤਮਾਸ਼ਾ… ਵਿਕਦੀ ਰਹੀ ਕਾਤਲ ਡੋਰ! ਜ਼ਖ਼ਮੀ ਹੋਏ ਲੋਕਾਂ ਦਾ ਜਿੰਮੇਵਾਰ ਕੌਣ?
ਚਾਈਨਾ ਡੋਰ ਦੀਆਂ 2 ਵੱਖ ਵੱਖ ਘਟਨਾਵਾਂ ਵਿੱਚ ਤਿੰਨ ਜ਼ਖਮੀ
ਬਲਜੀਤ ਸਿੰਘ ਕਚੂਰਾ
ਮਮਦੋਟ (ਫਿਰੋਜ਼ਪੁਰ), 23 ਜਨਵਰੀ 2026
ਪੰਜਾਬ ਦੇ ਅੰਦਰ ਪਾਬੰਦੀ ਦੇ ਬਾਵਜੂਦ ਇਹ ਸਾਲ ਵੀ ਚਾਈਨਾ ਡੋਰ ਖੂਬ ਵਿਕੀ, ਡੋਰ ਦੇ ਕਾਰਨ ਅਨੇਕਾਂ ਲੋਕ ਜਖਮੀ ਹੋਏ। ਭਾਵੇਂ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਚਾਈਨਾ ਡੋਰ ਤੇ ਲਗਾਮ ਲਾਉਣ ਲਈ ਸਖਤੀ ਕੀਤੀ ਹੋਈ ਸੀ, ਪਰ ਬਾਵਜੂਦ ਇਸਦੇ ਚਾਈਨਾ ਡੋਰ ਦੀ ਵਿਕਰੀ ਅਤੇ ਇਸ ਦੀ ਚੋਰੀ ਛੁਪੇ ਹੁੰਦੀ ਡਿਲੀਵਰੀ ਨੂੰ ਵੀ ਪੁਲਿਸ ਨਹੀਂ ਰੋਕ ਸਕੀ।
ਫਿਰੋਜ਼ਪੁਰ ਵਿੱਚ ਇਸ ਵਾਰ ਵੀ ਰਾਜ ਪੱਧਰੀ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ, ਪਰ ਇਸ ਰਾਜ ਪੱਧਰੀ ਸਮਾਗਮ ਵਿੱਚ ਜਿੱਥੇ ਪ੍ਰਸ਼ਾਸਨ ਵਿਅਸਤ ਹੈ, ਉੱਥੇ ਹੀ ਦੂਜੇ ਪਾਸੇ ਵੱਡੇ ਪੱਧਰ ‘ਤੇ ਬਾਜ਼ਾਰਾਂ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਹੈ, ਪੁਲਿਸ ਅਤੇ ਪ੍ਰਸ਼ਾਸਨ ਹੱਥਾਂ ਤੇ ਹੱਥ ਧਰ ਕੇ ਤਮਾਸ਼ਾ ਵੇਖਦਾ ਰਿਹਾ ਹੈ। ਫਿਰੋਜ਼ਪੁਰ ਦੇ ਤਕਰੀਬਨ ਅੱਧੀ ਦਰਜਨ ਤੋਂ ਵੱਧ ਹਸਪਤਾਲਾਂ ਵਿੱਚ ਚਾਈਨਾ ਡੋਰ ਨਾਲ ਕੱਟੇ ਲੋਕ ਪੁੱਜੇ।
ਸਾਡੇ ਸਹਿਯੋਗੀ ਬਲਜੀਤ ਸਿੰਘ ਦੇ ਵੱਲੋਂ ਚਾਈਨਾ ਡੋਰ ਨਾਲ ਅੱਜ ਹੋਏ ਲੋਕਾਂ ਦੇ ਨੁਕਸਾਨ ਬਾਰੇ ਇੱਕ ਰਿਪੋਰਟ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨੇੜਲੇ ਪਿੰਡ ਹਜ਼ਾਰਾ ਸਿੰਘ ਵਾਲੇ ਤੋਂ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ। ਦੂਸਰੀ ਘਟਨਾ ਫਿਰੋਜਪੁਰ ਤੋਂ ਦਵਾਈ ਲੈ ਕੇ ਪਰਤ ਰਹੇ ਨੌਜਵਾਨਾਂ ਦੇ ਗਲ ਵਿੱਚ ਚਾਈਨਾ ਡੋਰ ਵੱਜਣ ਨਾਲ ਦੋ ਨੌਜਵਾਨ ਜ਼ਖਮੀ ਹੋਏ।
ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ (ਭੱਟੀਆਂ) ਤੋਂ ਦਵਿੰਦਰ ਸਿੰਘ ਪ੍ਰਭ ਪੁੱਤਰ ਲੱਖਾ ਸਿੰਘ ਰਾਜਾ ਆਪਣੇ ਸਾਥੀ ਜਸਵਿੰਦਰ ਸਿੰਘ ਜੱਸਾ ਪੁੱਤਰ ਬਿੱਟੂ ਟਾਇਰਾਂ ਵਾਲਾ ਸਮੇਤ ਫਿਰੋਜ਼ਪੁਰ ਤੋਂ ਕੱਲ੍ਹ ਦੇਰ ਸ਼ਾਮ ਨੂੰ ਦਵਾਈ ਲੈ ਕੇ ਫਿਰੋਜ਼ਪੁਰ ਤੋਂ ਵਾਪਸ ਪਰਤ ਰਹੇ ਸਨ ਕਿ ਪਿੰਡ ਖਾਈ ਫੇਮੇ ਕੇ ਵਿਖੇ ਅਚਾਨਕ ਗਲ ਦੇ ਵਿੱਚ ਡੋਰ ਵੱਜੀ। ਜਿਸ ਨਾਲ ਪਿੱਛੇ ਬੈਠੇ ਸਾਥੀ ਨੇ ਤੁਰੰਤ ਮੁਸਤੈਦੀ ਵਿਖਾਉਂਦਿਆਂ ਡੋਰਾਂ ਨੂੰ ਉੱਪਰ ਚੁੱਕ ਦਿੱਤਾ।
ਫਿਰ ਵੀ ਮੋਟਰਸਾਈਕਲ ਚਾਲਕ ਦੇ ਗੱਲ ਤੇ ਦੋ ਜਗ੍ਹਾ ਤੇ ਜਖਮੀ ਹੋ ਗਿਆ ਅਤੇ ਪਿੱਛੇ ਬੈਠੇ ਸਾਥੀ ਦੀਆਂ ਉਗਲਾਂ ਤੇ ਵੀ ਡੋਰਾ ਵੱਜ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਚਾਈਨੀਜ ਡੋਰਾ ਖਿਲਾਫ ਪੂਰੀ ਨਿਕੇਲ ਭਾਈ ਰੱਖੀ ਹੈ ਪਰ ਫਿਰ ਵੀ ਬਸੰਤ ਪੰਚਮੀ ਤੇ ਧੜੱਲੇ ਨਾਲ ਡੋਰ ਵਿਕੀ ਹੈ ਜੋ ਲੋਕਾਂ ਦੀ ਜਾਨ ਲਈ ਇੱਕ ਵੱਡਾ ਸੰਕਟ ਬਣ ਰਹੀ ਹੈ।

