ਸਿੱਖਿਆ ਵਿਭਾਗ ਦਾ ਅਧਿਆਪਕ ਵਿਰੋਧੀ ਫ਼ੈਸਲਾ! ਸਾਂਝੇ ਅਧਿਆਪਕ ਮੋਰਚੇ ਨੇ TET ਦੀ ਸ਼ਰਤ ਲਾਉਣ ਦਾ ਕੀਤੀ ਨਿਖੇਧੀ
ਸਾਂਝੇ ਅਧਿਆਪਕ ਮੋਰਚੇ ਨੇ ਪਦਉਨਤੀਆਂ ਲਈ ਟੈੱਟ ਦੀ ਸ਼ਰਤ ਦਾ ਕੀਤਾ ਵਿਰੋਧ; ਸਾਰੇ ਯੋਗ ਅਧਿਆਪਕਾਂ ਲਈ ਸਟੇਸ਼ਨ ਚੋਣ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 24 ਜਨਵਰੀ 2026: ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਸਿੱਖਿਆ ਵਿਭਾਗ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀ ਪਦਉਨਤੀ (ਤਰੱਕੀ) ਸਮੇਂ ਟੈੱਟ (TET) ਦੀ ਸ਼ਰਤ ਲਗਾਉਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਾਲ 2010 ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਨੂੰ ਇਸ ਸ਼ਰਤ ਤੋਂ ਛੋਟ ਦੇ ਕੇ ਤੁਰੰਤ ਸਟੇਸ਼ਨ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
“2010 ਤੋਂ ਪਹਿਲਾਂ ਵਾਲੇ ਅਧਿਆਪਕਾਂ ‘ਤੇ ਸ਼ਰਤ ਲਾਉਣੀ ਬੇਤੁਕੀ”
ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਕ੍ਰਿਸ਼ਨ ਸਿੰਘ ਦੁੱਗਾਂ ਅਤੇ ਹੋਰਨਾਂ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜਿਹੜੇ ਅਧਿਆਪਕ 23 ਅਗਸਤ 2010 ਤੋਂ ਪਹਿਲਾਂ ਵਿਭਾਗ ਵਿੱਚ ਹਾਜ਼ਰ ਹੋ ਚੁੱਕੇ ਹਨ, ਉਨ੍ਹਾਂ ‘ਤੇ ਹੁਣ ਟੈੱਟ ਦੀ ਸ਼ਰਤ ਲਾਉਣਾ ਪੂਰੀ ਤਰ੍ਹਾਂ ਗ਼ੈਰ-ਵਾਜਬ ਅਤੇ ਬੇਤੁਕਾ ਹੈ।
ਆਗੂਆਂ ਅਨੁਸਾਰ ਇਸ ਸ਼ਰਤ ਕਾਰਨ ਬਹੁਤ ਸਾਰੇ ਤਜਰਬੇਕਾਰ ਅਧਿਆਪਕ ਆਪਣੇ ਹੱਕੀ ਪ੍ਰਮੋਸ਼ਨ ਤੋਂ ਵਾਂਝੇ ਰਹਿ ਰਹੇ ਹਨ, ਜਿਸ ਨਾਲ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਪਰੋਕਤ ਮਿਤੀ ਤੋਂ ਪਹਿਲਾਂ ਭਰਤੀ ਹੋਏ ਸਾਰੇ ਅਧਿਆਪਕਾਂ ਤੋਂ ਟੈੱਟ ਦੀ ਸ਼ਰਤ ਹਟਾਈ ਜਾਵੇ। ਪਦਉਨਤੀ ਲਈ ਯੋਗ ਪਾਏ ਗਏ ਸਾਰੇ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ।
ਇਸ ਬਿਆਨ ਨੂੰ ਜਾਰੀ ਕਰਨ ਮੌਕੇ ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ ਅਤੇ ਪਤਵੰਤ ਸਿੰਘ ਸਮੇਤ ਕਈ ਪ੍ਰਮੁੱਖ ਅਧਿਆਪਕ ਆਗੂ ਮੌਜੂਦ ਸਨ।
ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਨੇ ਅਧਿਆਪਕਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੋਰਚਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗਾ।

