ਗਣਤੰਤਰ ਦਿਵਸ ਮੌਕੇ ਮੁੜ ਬਹਾਲ ਕੱਚੇ ਅਧਿਆਪਕ ਭਗਵੰਤ ਮਾਨ ਅਤੇ ਹਰਜੋਤ ਬੈਂਸ ਦਾ ਕਰਨਗੇ ਘਿਰਾਓ
ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਅਤੇ ਪਟਿਆਲਾ ਵਿਖੇ ਸਿੱਖਿਆ ਮੰਤਰੀ ਦੀ ਆਮਦ ‘ਤੇ ਘਿਰਾਉ ਕੀਤਾ ਜਾਵੇਗਾ – ਵਿਕਾਸ ਸਾਹਨੀ
Media PBN
ਬੁਢਲਾਡਾ, 25 ਜਨਵਰੀ 2026- ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ., ਆਈ.ਈ.ਵੀ. ਅਤੇ ਸਿੱਖਿਆ ਪ੍ਰੋਵਾਈਡਰ ਆਪਣੀ ਬਹਾਲੀ ਨੂੰ ਲੈ ਕੇ ਕਾਫ਼ੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਸਾਨੂੰ ਬਿਨਾਂ ਕਿਸੇ ਸ਼ਰਤ ਬਹਾਲ ਕੀਤਾ ਜਾਵੇ।
ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ 15 ਜੂਨ ਨੂੰ ਪੁਲਿਸ ਅਕੈਡਮੀ ਫਿਲੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਸਾਡੀ ਜਥੇਬੰਦੀ ਦੇ ਸਮੂਹ ਵਲੰਟੀਅਰਾਂ ਨੂੰ ਜਲਦ ਹੀ ਬਿਨਾਂ ਕਿਸੇ ਦੇਰੀ ਤੋਂ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ।
ਅੱਜ ਪੂਰੇ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਾਡੀ ਬਹਾਲੀ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਹੈ ਤੇ ਸਿੱਖਿਆ ਮੰਤਰੀ ਨਾਲ ਵਾਰ-ਵਾਰ ਰਾਬਤਾ ਕਰਨ ਤੋਂ ਬਾਅਦ ਉਹਨਾਂ 6 ਅਕਤੂਬਰ ਵਾਲੀ ਮੀਟਿੰਗ ਵਿੱਚ ਕਿਹਾ ਸੀ ਕਿ ਤਿੰਨ ਮਹੀਨਿਆਂ ਵਿੱਚ ਉਹਨਾਂ ਵਿਭਾਗ ਵਿੱਚ ਬਹਾਲ ਕਰ ਦਿੱਤਾ ਜਾਵੇਗਾ, ਪਰ ਇੰਝ ਲੱਗਦਾ ਹੈ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਾਅਦ ਹੁਣ ਸਿੱਖਿਆ ਮੰਤਰੀ ਦੇ ਵਾਅਦੇ ਵੀ ਖੋਖਲੇ ਪ੍ਰਤੀਤ ਹੋ ਰਹੇ ਹਨ।
ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਪੁਲਿਸ ਅਕੈਡਮੀ ਫਿਲੌਰ ਵਿਖੇ ਕੀਤੇ ਵਾਅਦੇ ਅਨੁਸਾਰ ਸਾਨੂੰ ਬਹਾਲ ਕਰਨ ਸਬੰਧੀ ਕੋਈ ਪੁਖਤਾ ਹੱਲ ਨਹੀਂ ਕੀਤਾ ਤਾਂ 26 ਜਨਵਰੀ 2026 ਨੂੰ ਗਣਤੰਤਰਤਾ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਅਤੇ ਪਟਿਆਲਾ ਵਿਖੇ ਸਿੱਖਿਆ ਮੰਤਰੀ ਦੀ ਆਮਦ ‘ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਰਮਜੀਤ ਕੌਰ, ਮੋਹਨਜੀਤ ਕੌਰ, ਹਰਮਨਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ, ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜ਼ਰ ਸਨ।

