ਕਲਮਾਂ ਤੇ ਸ਼ੰਘਰਸ਼ਾਂ ਦੀ ਜੋਟੀ ਦੀ ਤਾਕਤ
ਕਲਮਾਂ ਤੇ ਸ਼ੰਘਰਸ਼ਾਂ ਦੀ ਜੋਟੀ ਦੀ ਤਾਕਤ
ਪੱਤਰਕਾਰਾਂ ਦੀ ਪੱਤਰਕਾਰੀ ਰੰਗ ਲਿਆਈ। ਠਾਠਾਂ ਮਾਰਦਾ ਕੱਠ, ਸੂਬਾ ਸਰਕਾਰ ਨੂੰ ਲਲਕਾਰੇ। ਪੱਤਰਕਾਰਾਂ ਤੋਂ ਕੇਸ ਵਾਪਸ ਲੈ ਲੈ, ਨਹੀਂ ਜ਼ੁਬਾਨਬੰਦੀ ਪੱਤਰਕਾਰਾਂ ਦੀ ਨੀਂ, ਸਰਕਾਰੇ ਤੇਰੀ ਹੋਊ।ਕੰਧ ‘ਤੇ ਲਿਖਿਆ ਪੜ ਲੈ। ਪੈਰਾਂ ਥੱਲੇ ਅੱਗ ਬਾਲ ਦਿਆਂਗੇ, ਅੱਗ।
ਬਠਿੰਡੇ ਪਈ ਜੋਟੀ।ਪੱਤਰਕਾਰਾਂ ਵੱਲੋਂ ਸੱਦਾ। ਡੀ ਸੀ ਦਫ਼ਤਰ ਮੂਹਰੇ ਜੁੜਿਆ ਇੱਕਠ। ਕੱਠ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਔਰਤਾਂ ਦੀਆਂ ਜਥੇਬੰਦੀਆਂ ਦਾ ਕਾਡਰ। ਕਲਾਕਾਰ, ਕਲਮਕਾਰ, ਤਰਕਸ਼ੀਲ, ਜਮਹੂਰੀਅਤ ਤੇ ਇਨਸਾਫ਼ਪਸੰਦ ਹਿੱਸੇ।ਪਹੁੰਚਦੇ ਕਾਫ਼ਲਿਆਂ ਦੀਆਂ ਨਾ ਕਤਾਰਾਂ ਟੁੱਟਣ, ਨਾ ਨਾਹਰੇ ਮੁੱਕਣ।ਕੱਠ ਗਿਣਤੀਂਓ ਬਾਹਰ। ਬੁਲਾਰੇ, ਸਾਰੇ ਜਥੇਬੰਦਕ ਆਗੂ।ਸਭ ਦਾ ਇੱਕੋ ਮੁੱਦਾ, ਪੱਤਰਕਾਰਾਂ ਤੋਂ ਕੇਸ ਰੱਦ ਕਰਾਉਣ ਦਾ।ਸਰਕਾਰ ਨੂੰ ਸਬਕ ਸਿਖਾਉਣ ਦਾ। ਬੀ ਕੇ ਯੂ ਉਗਰਾਹਾਂ ਨੇ ਪੂਰੇ ਕੱਠ ਨੂੰ ਚਾਹ ਪਿਆਈ।ਰੋਟੀ ਖਵਾਈ। ਅਖੀਰ ‘ਤੇ ਕੱਠ ਸ਼ਹਿਰ ਵੱਲ ਹੋ ਤੁਰਿਆ।ਨਾਅਰੇ ਮਾਰਦਾ ਮਾਰਚ।
ਜੋਟੀ ਨੇ ਦਿਖਾਇਆ, ਸਰਕਾਰ ਜਿੰਨੀਂ ਮਰਜ਼ੀ ਆਫ਼ਰੀ ਫਿਰੇ।ਕਿ ਉਹਦੇ ਕੋਲ ਪੁਲਿਸ, ਫੌਜ, ਕਾਨੂੰਨ, ਕਚਹਿਰੀਆਂ, ਜੇਲ੍ਹਾਂ ਨੇ। ਮੁਲਕ ਦੇ ਜਾਬਰ ਰਾਜ ਵੱਲੋਂ ਹੱਲਾਸ਼ੇਰੀ ਆ। ਬਥੇਰੇ ਹਰਬੇ ਹੱਥ ਕੰਡੇ ਆ।ਤੋਹਫ਼ੇ ਤਮਗ਼ੇ ਰੁਤਬੇ ਆ। ਪਰਚਿਆਂ ਤੋਂ ਕਤਲਾਂ ਤੱਕ ਦੀ ਹਨੇਰਗਰਦੀ ਆ। ਨੈਸ਼ਨਲ ਕਰਾਇਮ ਬਿਊਰੋ ਵੀ ਇਹੀ ਦੱਸਦੀ ਆ। ਸਾਲ 2025 ਵਿੱਚ ਪੱਤਰਕਾਰਾਂ ਖਿਲਾਫ਼ 14875 ਪਰਚੇ, 8 ਪੱਤਰਕਾਰਾਂ ਤੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, 117 ਨੂੰ ਜੇਲ੍ਹ ਹੋਈ।ਪਰ ਲੋਕ ਆਵਾਜ਼ ਨਹੀਂ ਦਬੀ।ਅਵਾਜ਼ਾਂ ਫੇਰ ਵੀ ਬੁਲੰਦ।
ਇਸ ਜੋਟੀ ਨੇ ਸਰਕਾਰ ਦਾ ਭਰਮ ਵੀ ਤੋੜਿਆ। ਕਿ ਪਰਚੇ ਪਾਓ, ਡਰਾਓ ਤੇ ਸੁਆਲ ਕਰਨ ਤੋਂ ਹਟ ਜਾਣਗੇ। ਬਾਕੀਆਂ ਨੂੰ ਸਬਕ ਮਿਲੂ। ਸਾਰੇ ਪਾਸੇ ਦਹਿਸ਼ਤ ਦਾ ਛੱਪਾ ਪਊ।ਉਹੀ ਭਰਮ, ਜਿਹੜਾ ਸਭਨਾਂ ਸਰਕਾਰਾਂ ਨੂੰ ਹੁੰਦੈ। ਖੇਤੀ ਕਾਨੂੰਨਾਂ ਵੇਲੇ ਮੋਦੀ ਹਕੂਮਤ ਨੂੰ ਹੋਇਆ ਸੀ।ਜਿਹੜਾ ਗੰਢੇ ਤੇ ਛਿੱਤਰ ਖਾ ਕੇ ਉੱਤਰਿਆ ਸੀ। ਹੁਣ ਸੂਬਾ ਸਰਕਾਰ ਦਾ ਭਰਮ ਵੀ ਐਂ ਈ ਉੱਤਰੂ। ਏਹਦਾ ਵੀ ਲੈਂਡ ਪੂਲਿੰਗ ਪਾਲਿਸੀ ਵੇਲੇ ਉਤਾਰਿਆ ਸੀ। ਨਾ ਪੱਤਰਕਾਰ ਪਰਚਿਆਂ ਤੋਂ ਡਰੇ।ਸਟੇਜ ਤੋਂ ਗਰਜੇ।ਨਾ ਲੋਕਾਂ ਦਾ ਕੱਠ ਰੁਕਿਆ,ਘਟਿਆ।
ਜੋਟੀ ਨੇ ਇਹਦੇ ਬਖੀਏ ਵੀ ਉਧੇੜ ਦਿੱਤੇ। ਕਿ ਸਰਕਾਰ ਨੂੰ ਪੱਤਰਕਾਰਾਂ ਦੇ ਸਵਾਲ ਤੋਂ ਔਖ ਕਿਉਂ ਹੋਈ ? ਅਖੇ, ਇਹ ਢਕੀ ਰਿੱਝਣ ਨਹੀਂ ਦਿੰਦੇ। ਸੱਚ, ਤੱਥ ਲੋਕਾਂ ਨੂੰ ਦੱਸਦੇ ਐ।ਭਾਜਪਾ ਪਾਰਟੀ ਨਾਲ ਚੱਲਦੀ ਰੇਸ ਵਿੱਚ ਰੁਕਾਵਟ ਖੜੀ ਕਰਦੇ ਆ।ਰੇਸ, ਜਿਹੜੀ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੇ ਹਿੱਤ ਪਾਲਣ ਦੀ ਆ।ਉਹਨਾਂ ਤੋਂ ਅਸ਼ੀਰਵਾਦ ਹਾਸਲ ਕਰਨ ਦੀ ਆ। ਗੱਦੀ ਦੀ ਗਰੰਟੀ ਕਰਨ ਦੀ ਆ।ਮੋਟਾ ਹੱਥ ਮਾਰਨ ਦੀ ਆ।ਏਸੇ ਕਰਕੇ ਹਰ ਸੁਆਲ, ਕਿੰਤੂ ਪ੍ਰੰਤੂ ਜਾਂ ਰੋਸ ਵਿਰੋਧ ਉਹਨੂੰ ਵਿਹੁ ਵਰਗਾ ਲੱਗਦਾ। ਸੀਨੇ ਖੁੱਬੇ ਤੀਰ ਵਰਗਾ ਲੱਗਦਾ।ਸੇਵਾ ਦਾ ਮੇਵਾ ਮਿਲਣ ਵਿੱਚ ਅੜਿੱਕਾ ਪੈਂਦਾ ਲੱਗਦਾ।ਇਹੀ ਔਖ ਆ।
ਜੋਟੀ ਨੇ ਇਹ ਵੀ ਦੱਸਿਆ। ਕਿ ਆਪ ਪਾਰਟੀ ਨੂੰ ਗੁੜ੍ਹਤੀ ਜੋਕ ਧੜੇ ਦੀ ਆ।ਗੋਦੀ ਦਾ ਨਿੱਘ ਵੀ ਉਹਨਾਂ ਦਾ ਮਾਣਿਆ। ਅਭਿਆਸ ਵੀ ਉਹਨਾਂ ਤੋਂ ਸਿਖਿਆ। ਆਗਿਆਕਾਰੀ ਬੱਚੇ ਵਾਂਗਰਾਂ, ਉਸਦੇ ਹੀ ਹਿਤ ਪਾਲਦੀ ਆ।ਪੱਤਰਕਾਰਾਂ ਦੇ ਸੁਆਲਾਂ ਤੋਂ ਚਿੜਦੀ ਆ। ਉਹਨਾਂ ਵੱਲੋਂ ਲਿਆਂਦੀਆਂ ਰਿਪੋਰਟਾਂ ਤੋਂ ਸੜਦੀ ਆ। ਕਿਉਂਕਿ ਰਿਪੋਰਟਾਂ ਲੋਕਾਂ ਨੂੰ ਬੋਲਣ ਦਾ ਤੇ ਸੰਘਰਸ਼ ਦਾ ਮਸਾਲਾ ਦਿੰਦੀਆਂ। ਤੱਥ, ਸਬੂਤ ਤੇ ਦਲੀਲਾਂ ਮੁੱਹਈਆ ਕਰਦੀਆਂ।ਸਰਕਾਰ ਨੇ ਦਿੱਤਾ ਪਰਚੇ ਦਾ ਤਮਗ਼ਾ। ਜ਼ੁਬਾਨਬੰਦੀ ਦਾ ਡਰਾਵਾ। ਲੋਕਾਂ ਨੇ ਦਿੱਤਾ ਹੌਂਸਲਾ। ਤਾਕਤ ਦਾ ਪਹਿਲਾ ਝਲਕਾਰਾ। ਬਠਿੰਡੇ ਦੀਆਂ ਸੜਕਾਂ ‘ਤੇ ਸਮੁੰਦਰੀ ਜਵਾਰ ਭਾਟੇ ਬਣ ਬਣ ਉੱਠਦੀਆਂ ਬਾਹਵਾਂ ਦਾ। ਲੋਕਾਂ ਨੇ ਦੇਖਿਆ, ਸਰਕਾਰ ਨੂੰ ਨਹੀਂ ਦੀਂਹਦਾ।ਪੱਤਰਕਾਰਾਂ ਨੂੰ ਰੋਕਣਾ, ਲੋਕਾਂ ਦਾ ਵਿਰੋਧ ਸਹੇੜਨਾ। ਪੱਤਰਕਾਰਾਂ ਦੀ ਇਹ ਆ ਤਾਕਤ।ਇਹ ਤਾਕਤ ਇਹਨਾਂ ਵੱਲੋਂ ਨਿਭਾਏ ਲੋਕ ਪੱਖੀ ਰੋਲ ਵਿੱਚ ਆ। ਇਹ ਰੋਲ ਨਿਭਾਇਆ ਜਾਂਦਾ ਰਹੂ, ਤਾਕਤ ਜੁੜਦੀ ਵਧਦੀ ਰਹੂ। ਇਸ ਰਾਹ ਕਠਿਨਾਈਆਂ ਵਾਧੂ ਨੇ ਪਰ ਇਹੀ ਆ ਆਵਾਜ਼ ਬੁਲੰਦੀਆਂ ਦਾ ਰਾਹ। ਮਨੁੱਖ ਨੂੰ ਪਸ਼ੂ ਨਾਲੋਂ ਵੱਖਰਿਆਉਣ ਦਾ ਰਾਹ।ਇਹੀ ਰਾਹ ਮਨੋਬਲ ਉੱਚਾ ਰੱਖਦਾ। ਏਸੇ ਰਾਹ ਡਟੇ ਰਹਿਣਾ। ਸਰਕਾਰ ਤੋਂ ਸੁਆਲਾਂ ਦੇ ਜੁਆਬ ਮੰਗਦੇ ਰਹਿਣਾ।ਮੜਕ, ਜਿਉਣ ਏਸੇ ਰਾਹ।ਇਸੇ ਰਾਹ ਇੱਜ਼ਤ ਮਾਣ ਆ।ਇਸੇ ਰਾਹ ਤਕੜਾਈ ਆ। ਲੋਕਾਂ ਨਾਲ ਜੋਟੀ ਤੇ ਲੋਕਾਂ ‘ਤੇ ਭਰੋਸੇ ਵਿੱਚ ਹੀ ਲੋਕ ਤਾਕਤ ਆ।ਇਹ ਤਾਕਤ ਹੀ ਢਾਲ ਆ, ਇਹੀ ਤਲਵਾਰ ਆ।
ਜੋਟੀ ਨੇ ਮੁਲਕ ਦੇ ਰਾਜ ਪ੍ਰਬੰਧ ਦੀ ਜਾਬਰ ਖ਼ਸਲਤ ‘ਤੇ ਵੀ ਚੋਟ ਕੀਤੀ। ਕਿਹਾ, ਇਥੇ ਸਰਕਾਰਾਂ, ਮੌਜੂਦਾ ਜਾਬਰ ਤੇ ਲੁਟੇਰੇ ਰਾਜ ਦੀਆਂ ਸਰਕਾਰਾਂ ਨੇ। ਇਹ ਰਾਜ ਆ ਵੱਡਿਆਂ ਦਾ। ਜਾਗੀਰਦਾਰਾਂ ਦਾ ਤੇ ਸਰਮਾਏਦਾਰਾਂ ਦਾ। ਸਾਮਰਾਜ ਦੀ ਛੱਤਰ ਛਾਇਆ ਹੇਠ ਚੱਲਦਾ। ਸਰਕਾਰਾਂ ਇਹਨਾਂ ਦੇ ਹਿਤ ਪਾਲਦੀਆਂ। ਜਿੰਨਾਂ ਚਿਰ ਇਹ ਜਾਬਰ ਰਾਜ ਰਹੂ, ਸਰਕਾਰਾਂ ਏਸੇ ਰਾਹ ਚੱਲਦੀਆਂ ਰਹਿਣਗੀਆਂ। ਪਾਰਟੀ ਹੋਵੇ ਕੋਈ ਮਰਜ਼ੀ।ਰਾਜ ਬਦਲੇ ਬਿਨਾਂ ਸਰਕਾਰਾਂ ਬਦਲ ਕੇ ਲੋਕ ਪੱਖੀ ਬਦਲਾਅ ਨਹੀਂ ਆਉਣਾ। ਕਾਨੂੰਨ ਦੇ ਡੰਡੇ ਦਾ ਰਾਜ ਨਹੀਂ ਬਦਲਣਾ।ਲਾਰੇ ਨਾਹਰੇ ਵਾਅਦੇ ਦਾਅਵੇ ਬਦਲ ਬਦਲ ਆਉਂਦੇ ਰਹਿਣਗੇ। ਸਰਕਾਰਾਂ ਬਣਦੀਆਂ ਬਦਲਦੀਆਂ ਰਹਿਣਗੀਆਂ। ਨਾ ਸੱਚਾ ਲੋਕ ਰਾਜ ਬਣਨਾ, ਨਾ ਖਰੀ ਲੋਕ ਪੱਖੀ ਜਮਹੂਰੀਅਤ ਹੋਣੀ ਆ। ਲੋਕ ਧੜਾ ਇੱਕਜੁੱਟ ਹੋਵੇ।ਸੰਗਠਨ ਤੇ ਸ਼ੰਘਰਸ ਤਕੜੇ ਤੇ ਕਰੜੇ ਹੋਣ। ਲੋਕ ਪੱਖੀ ਇਨਕਲਾਬੀ ਸਪਿਰਿਟ ਤੇ ਸੋਝੀ ਹੋਵੇ।ਸਿਸਤ ਬੱਝਵਾਂ ਚੋਟ ਨਿਸ਼ਾਨਾ ਹੋਵੇ । ਅਜੰਡਾ ਹੋਵੇ, ਜੋਕ ਧੜੇ ਨੂੰ ਸ਼ਕਤੀਹੀਣ ਕਰਨਾ। ਲੋਕ ਧੜੇ ਦੀ ਪੁੱਗਤ ਵੁੱਕਤ ਬਣਾਉਣਾ।ਰਾਜ ਦੀ ਵਾਗਡੋਰ ਲੋਕ ਧੜੇ ਹੱਥ ਹੋਣਾ।ਫੇਰ ਹੋਊ ਕਲਮਾਂ ਵੀ ਆਜ਼ਾਦ, ਆਵਾਜ਼ ਵੀ ਆਜ਼ਾਦ।
ਜਗਮੇਲ ਸਿੰਘ
9417224822

