ਚੰਡੀਗੜ੍ਹ ਸਾਡਾ ਹੈ ਅਤੇ ਸਾਡਾ ਰਹੇਗਾ..! ਗਣਤੰਤਰ ਦਿਵਸ ਮੌਕੇ ਬੋਲੇ ਭਗਵੰਤ ਮਾਨ, ਕਿਹਾ- ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਗੈਰ-ਕਾਨੂੰਨੀ ਢੰਗ ਨਾਲ ਆਪਣੀ ਰਾਜਧਾਨੀ ਤੋਂ ਰੱਖਿਆ ਵਾਂਝਾ
ਚੰਡੀਗੜ੍ਹ ਸਾਡਾ ਹੈ ਅਤੇ ਸਾਡਾ ਰਹੇਗਾ..! ਗਣਤੰਤਰ ਦਿਵਸ ਮੌਕੇ ਬੋਲੇ ਭਗਵੰਤ ਮਾਨ, ਕਿਹਾ- ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਗੈਰ-ਕਾਨੂੰਨੀ ਢੰਗ ਨਾਲ ਆਪਣੀ ਰਾਜਧਾਨੀ ਤੋਂ ਰੱਖਿਆ ਵਾਂਝਾ
ਹੁਸ਼ਿਆਰਪੁਰ, 26 ਜਨਵਰੀ 2026-
ਗਣਤੰਤਰ ਦਿਵਸ ‘ਤੇ ਹੁਸ਼ਿਆਰਪੁਰ ਵਿੱਚ ਕੌਮੀ ਤਿਰੰਗਾ ਲਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ ਦੀ ਜ਼ੋਰਦਾਰ ਢੰਗ ਨਾਲ ਪੁਸ਼ਟੀ ਕਰਦਿਆਂ ਆਪਣੀ ਸਰਕਾਰ ਦੇ ਸ਼ਾਸਨ ਰਿਕਾਰਡ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ।
ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਦੇਸ਼ ਦੇ ਅੰਨਦਾਤਾ ਤੇ ਖੜਗਭੁਜਾ ਵਜੋਂ ਇਸ ਦੀ ਨਿਰੰਤਰ ਭੂਮਿਕਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੂਬੇ ਨੂੰ ਇਸ ਦੀ ਰਾਜਧਾਨੀ ਅਤੇ ਵੱਖਰੀ ਹਾਈ ਕੋਰਟ ਤੋਂ ਗ਼ੈਰਕਾਨੂੰਨੀ ਤਰੀਕੇ ਨਾਲ ਵਾਂਝਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਅਤੇ ਇਸ ਦੇ ਪਾਣੀ ਦੇ ਅਧਿਕਾਰਾਂ ‘ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਰੋਜ਼ ਕਾਨੂੰਨੀ ਅਤੇ ਸੰਵਿਧਾਨਕ ਚਾਰਾਜੋਈ ਕਰਦਾ ਰਹੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੇਸ਼ ਅਤੇ ਇਸ ਦੇ ਲੋਕਾਂ ਪ੍ਰਤੀ ਅਥਾਹ ਯੋਗਦਾਨ ਦੇ ਬਾਵਜੂਦ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਗੈਰ-ਕਾਨੂੰਨੀ ਤੌਰ ‘ਤੇ ਇਸ ਤੋਂ ਵਾਂਝਾ ਰੱਖਿਆ ਗਿਆ ਹੈ।
ਸਥਿਤੀ ਨੂੰ ਹੋਰ ਵਿਗਾੜਨ ਲਈ ਸੂਬੇ ਨੂੰ ਇਸ ਦੀ ਰਾਜਧਾਨੀ, ਪੰਜਾਬ ਯੂਨੀਵਰਸਿਟੀ, ਪਾਣੀਆਂ ਅਤੇ ਹੋਰ ਅਧਿਕਾਰਾਂ ਤੋਂ ਵਾਂਝਾ ਕਰਨ ਲਈ ਰੋਜ਼ਾਨਾ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਚੰਡੀਗੜ੍ਹ, ਪੰਜਾਬ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ ਅਤੇ ਸੂਬਾ ਸਰਕਾਰ ਆਪਣੀ ਰਾਜਧਾਨੀ ਵਾਪਸ ਲੈਣ ਲਈ ਹਰ ਸੰਭਵ ਯਤਨ ਕਰੇਗੀ।”
ਵੱਖਰੀ ਹਾਈ ਕੋਰਟ ਨਾ ਹੋਣ ‘ਤੇ ਗੁੱਸਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੰਜਾਬ ਕੋਲ ਆਪਣਾ ਹਾਈ ਕੋਰਟ ਨਹੀਂ ਹੈ, ਜਦੋਂ ਕਿ ਉੱਤਰ ਪੂਰਬ ਦੇ ਛੋਟੇ ਰਾਜਾਂ ਦੀਆਂ ਆਪਣੀਆਂ ਰਾਜਧਾਨੀਆਂ ਹਨ। ਉਨ੍ਹਾਂ ਕਿਹਾ, “ਆਪਣੀ ਹਾਈ ਕੋਰਟ ਦੀ ਅਣਹੋਂਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸਾਂ ਦੀ ਵੱਡੀ ਗਿਣਤੀ ਕਾਰਨ ਪੰਜਾਬੀਆਂ ਨੂੰ ਬਹੁਤ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।”

