ਪਲਸ ਮੰਚ ਦੇ ਸੂਬਾਈ ਸਾਲਾਨਾ ਸਮਾਗਮ ‘ਚ ਇਨਕਲਾਬੀ ਗੀਤਾਂ ਤੇ ਨਾਟਕਾਂ ਨੇ ਰੰਗ ਬੰਨਿਆ
ਪਲਸ ਮੰਚ ਦੇ ਸੂਬਾਈ ਸਾਲਾਨਾ ਸਮਾਗਮ ‘ਚ ਇਨਕਲਾਬੀ ਗੀਤਾਂ ਤੇ ਨਾਟਕਾਂ ਨੇ ਰੰਗ ਬੰਨਿਆ
ਪ੍ਰੋ. ਅਜਮੇਰ ਔਲਖ ਓਪਨ ਏਅਰ ਥੀਏਟਰ ਦਾ ਉਦਘਾਟਨ
ਅਮੋਲਕ ਸਿੰਘ ਅਤੇ ਯਸ਼ ਪਾਲ ਦੁਆਰਾ ਸੰਪਾਦਿਤ ਜੰਗਲ ਜਾਈਆਂ ਪੁਸਤਕ ਹੋਈ ਲੋਕ ਅਰਪਣ
ਨਾਟਕਕਾਰ ਜਤਿੰਦਰ ਬਰਾੜ ਨੂੰ ਕੀਤਾ ਸਿਜਦਾ
ਮੁੱਲਾਂਪੁਰ:
ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ 25 ਜਨਵਰੀ ਨੂੰ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਹੁੰਦਾ ਆ ਰਿਹਾ ਸੂਬਾਈ ਸਲਾਨਾ ਸਭਿਆਚਾਰਕ ਸਮਾਗਮ ਇਸ ਵਾਰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਵਿਸ਼ੇਸ਼ ਉਪਰਾਲੇ ਨਾਲ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਕੀਤਾ ਗਿਆ।
ਇਸ ਸਮਾਗਮ ਦਾ ਆਗਾਜ਼ ਗੁਰਸ਼ਰਨ ਕਲਾ ਭਵਨ ਦੇ ਖੁੱਲ੍ਹੇ ਵਿਹੜੇ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਓਪਨ ਏਅਰ ਥਿਏਟਰ ਦੀ ਆਧਾਰਸ਼ਿਲਾ ਰੱਖਣ ਨਾਲ ਹੋਇਆ।
ਇਸ ਦੇ ਉਦਘਾਟਨ ਮੌਕੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜੀਵਨ ਸਾਥਣ ਮਨਜੀਤ ਔਲਖ, ਗੁਰਸ਼ਰਨ ਭਾਜੀ ਦੀ ਧੀ ਅਤੇ ਰੰਗ ਕਰਮੀ ਡਾ. ਅਰੀਤ, ਔਲਖ ਦੀ ਬੇਟੀ ਰੰਗਕਰਮੀ ਡਾ. ਸੁਪਨਦੀਪ,ਉਹਨਾਂ ਦੇ ਜੀਵਨ ਸਾਥੀ ਮਨਜੀਤ ਸਿੰਘ ਚਾਹਲ, ਪ੍ਰੋ. ਜਗਮੋਹਣ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਅਮੋਲਕ ਸਿੰਘ, ਗੁਲਜ਼ਾਰ ਪੰਧੇਰ, ਹਰਕੇਸ਼ ਚੌਧਰੀ ਸਮੇਤ ਵੱਖ ਵੱਖ ਲੋਕ ਪੱਖੀ ਸੰਸਥਾਵਾਂ ਦੇ ਜਾਣੇ ਪਹਿਚਾਣੇ ਆਗੂ ਮੌਜੂਦ ਸਨ. ਨੀਂਹ ਪੱਥਰ ਇਹਨਾਂ ਸਭਨਾਂ ਵੱਲੋਂ ਰੱਖੇ ਜਾਣ ਉਪਰੰਤ ਮਨਜੀਤ ਔਲਖ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਇਹ ਮਾਣ ਮੱਤਾ ਦਿਹਾੜਾ ਹੈ ਜਦੋਂ ਗੁਰਸ਼ਰਨ ਕਲਾ ਭਵਨ ਵਿੱਚ ਦੋਵੇਂ ਰੰਗ ਕਰਮੀ ਭਰਾਵਾਂ ਦੀ ਜੋਟੀ ਮਜਬੂਤ ਕੀਤੀ ਗਈ ਹੈ। ਮਨਜੀਤ ਔਲਖ ਨੇ ਕਿਹਾ ਕਿ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਔਲਖ ਦਾ ਲੋਕ ਪੱਖੀ ਰੰਗ ਮੰਚ ਹਰ ਹਾਲਤ ਭਵਿੱਖ ਵਿੱਚ ਵੀ ਜਾਰੀ ਰਹੇਗਾ।
ਇਸ ਉਪਰੰਤ ਗੁਰਸ਼ਰਨ ਕਲਾ ਭਵਨ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਏ ਸਮਾਗਮ ਵਿੱਚ ਅਜਮੇਰ ਅਕਲੀਆ ਨੇ ਵਿਛੜੇ ਰੰਗ ਕਰਮੀਆਂ ਅਤੇ ਜਮਹੂਰੀ ਲਹਿਰ ਦੇ ਹੋਰ ਸੰਗਰਾਮੀਆਂ ਨੂੰ ਯਾਦ ਕਰਦਿਆਂ ਸੰਤ ਰਾਮ ਉਦਾਸੀ ਦਾ ਗੀਤ ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ ਪੇਸ਼ ਕੀਤਾ।
ਇਸ ਮੌਕੇ ਉਚੇਚੇ ਤੌਰ ਤੇ ਪੰਜਾਬ ਨਾਟ ਸ਼ਾਲਾ ਦੇ ਸੰਚਾਲਕ ਜਤਿੰਦਰ ਬਰਾੜ ਨੂੰ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਦਿੱਤੀ ਗਈ।
ਇਸ ਉਪਰੰਤ ਮਾਸਟਰ ਰਾਮ ਕੁਮਾਰ ਦੀ ਨਿਰਦੇਸ਼ਨਾ ਚ ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰਾਂ ਨੇ ਬਾਖੂਬੀ ਗੀਤਾਂ ਦਾ ਰੰਗ ਭਰਿਆ। ਉਹਨਾਂ ਤੋਂ ਉਪਰੰਤ ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ ਨੇ ਗੁਰਦਿਆਲ ਰੋਸ਼ਨ ਦੀ ਗਜ਼ਲ ਪੇਸ਼ ਕੀਤੀ। ਇਨਕਲਾਬੀ ਕਵੀਸ਼ਰੀ
ਜੱਥਾ ਰਸੂਲਪੁਰ ਨੇ ਬਹੁਤ ਹੀ ਨਵ ਸਿਰਜੀਆਂ ਆਪਣੀਆਂ ਕਵੀਸਰੀਆਂ ਨਾਲ ਸਮੇਂ ਦੇ ਹਾਣੀ ਵਿਸ਼ਿਆਂ ਨੂੰ ਛੋਹਿਆ।
ਤੀਜਾ ਸੈਸ਼ਨ ਸੀ ਵਿਚਾਰ ਚਰਚਾ ਦਾ ਜਿਸ ਵਿੱਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ ਦੇ ਇਸ ਪਾਸੇ ਧਿਆਨ ਖਿੱਚਿਆ ਕਿ ਰੰਗਕਰਮੀਆਂ ਕਲਾਕਾਰਾਂ ਨੂੰ ਅਤੇ ਲੋਕ ਪੱਖੀ ਸੰਸਥਾਵਾਂ ਅਤੇ ਲੋਕਾਂ ਨੂੰ ਇੱਕ ਪਰਿਵਾਰ ਦੇ ਤੌਰ ਤੇ ਆਪਣੀ ਜੋਟੀ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਫਿਰਕੂ ਫਾਸ਼ੀਵਾਦ ਦੀ ਕਾਂਗ ਸਾਡੇ ਬੂਹੇ, ਸਾਡੇ ਚੁੱਲ੍ਹੇ ਚੌਂਕੇ ਚੜ੍ਹ ਕੇ ਆ ਰਹੀ ਹੈ, ਜਦੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅੰਦਰ
ਏਬੀਵੀਪੀ ਅਤੇ ਹੋਰ ਫਿਰਕੂ ਅਨਸਰਾਂ ਵੱਲੋਂ ਇਨਕਲਾਬੀ ਵਿਚਾਰਧਾਰਾ, ਇਨਕਲਾਬੀ ਜਥੇਬੰਦੀਆਂ ਦੀ ਹੋਂਦ ਮਿਟਾ ਦੇਣ,ਕਬਰ ਪੁੱਟਣ ਦੇ ਐਲਾਨ ਕੀਤੇ ਜਾ ਰਹੇ ਹਨ ਜਾ ਰਹੇ ਹਨ। ਤਾਂ ਉਸ ਮੌਕੇ ਰੰਗਕਰਮੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਅਸਲ ਥਾਂ ਲੋਕਾਂ ਦੇ ਜੰਗਲ ਵਿੱਚ ਹੀ ਹੈ. ਇਉ ਹੀ ਲੋਕ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕ ਪੱਖੀ ਰੰਗ ਕਰਮੀਆਂ ਨੂੰ ਆਪਣੀ ਬੁੱਕਲ ਦਾ ਮੰਚ ਮੁਹਈਆ ਕਰਨ।
ਪਲਸ ਮੰਚ ਦੇ ਪ੍ਰਧਾਨ ਤੋਂ ਬਾਅਦ ਬੋਲਦਿਆਂ ਡਾ. ਅਰੀਤ ਨੇ ਕਿਹਾ ਕਿ ਗੁਰਸ਼ਰਨ ਸਿੰਘ ਅਤੇ ਪ੍ਰੋਫੈਸਰ ਅਜਮੇਰ ਔਲਖ ਦੇ ਲਿਖੇ ਨਾਟਕ ਅੱਜ ਵੀ ਪ੍ਰਸੰਗਕ ਅਤੇ ਸਦਾਬਹਾਰ ਹਨ। ਅੱਜ ਦੇ ਨਾਟਕਕਾਰਾਂ ਲਈ ਇਹ ਬਹੁਤ ਤਿੱਖਾ ਸਵਾਲ ਹੈ ਕਿ ਉਹ ਕੀ ਲਿਖ ਰਹੇ ਹਨ। ਰੰਗ ਕਰਨੀਆਂ ਨੂੰ ਲੋਕਾਂ ਦੇ ਹੋਰ ਨੇੜੇ ਹੋਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਰੰਗ ਮੰਚ ਦੀ ਮਹੱਤਤਾ ਨੂੰ ਬਣਦਾ ਸਥਾਨ ਦੇਣ ਦੀ ਲੋੜ ਹੈ।
ਇਸ ਉਪਰੰਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਜੀਵਨ ਸਾਥਣ ਮਨਜੀਤ ਔਲਖ ਅਤੇ ਡਾ. ਅਰੀਤ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਯਸ਼ਪਾਲ ਅਤੇ ਅਮੋਲਕ ਸਿੰਘ ਵੱਲੋਂ ਸੰਪਾਦਤ ਕੀਤੀ ਆਦਿਵਾਸੀ ਲੋਕਾਂ ਦੀ ਜ਼ਿੰਦਗੀ ਅਤੇ ਸੰਗਰਾਮ ਦੀ ਗਾਥਾ ਦੀ ਗੱਲ ਕਰਦੀਆਂ ਕਵਿਤਾਵਾਂ ਦੀ ਪੁਸਤਕ “ਜੰਗਲ ਜਾਈਆਂ ਕਵਿਤਾਵਾਂ” ਲੋਕ ਅਰਪਣ ਕੀਤੀ ਗਈ।
ਇਸ ਮੌਕੇ ਪ੍ਰੋਫੈਸਰ ਜਗਮੋਹਣ ਸਿੰਘ ਬੂਟਾ ਸਿੰਘ ਮਹਿਮੂਦਪੁਰ, ਡਾ ਅਰੀਤ, ਮਨਜੀਤ ਔਲਖ,ਰਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ, ਪੰਜਾਬੀ ਸਾਹਿਤ ਅਕਾਦਮੀ ਦੇ ਆਗੂ ਗੁਲਜ਼ਾਰ ਪੰਧੇਰ, ਸਾਹਿਤ ਚਿੰਤਨ ਚੰਡੀਗੜ੍ਹ ਦੇ ਸੰਚਾਲਕ ਸਰਦਾਰਾ ਸਿੰਘ ਚੀਮਾ ਤੋਂ ਇਲਾਵਾ ਪਲਸ ਮੰਚ ਦੀ ਸਮੂਹ ਸੂਬਾ ਕਮੇਟੀ ਦੇ ਮੈਂਬਰ ਹਾਜਰ ਸਨ। ਸਮਾਗਮ ਦੇ ਆਖਰੀ ਸੈਸ਼ਨ ਵਿੱਚ ਗੁਰਸ਼ਰਨ ਸਿੰਘ ਜੀ ਦਾ ਲਿਖਿਆ ਅਤੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਖੇਡਿਆ ਗਿਆ ਸਿਉਂਕ ਨਾਟਕ ਬੇਰੁਜ਼ਗਾਰੀ ਵਰਗੇ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਨੂੰ ਛੋਹਦਾ ਹੋਇਆ ਪੂਰੀ ਸਫਲਤਾ ਨਾਲ ਲੋਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡ ਗਿਆ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਲਈ ਹਰ ਸਾਲ ਦੀ ਤਰ੍ਹਾਂ ਇਨਕਲਾਬੀ ਕਵੀ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ 5000/ ਰੁਪਏ ਅਤੇ ਜਗਰੂਪ ਧਾਲੀਵਾਲ ਨੇ ਵੀ ਸਹਾਇਤਾ ਭੇਂਟ ਕੀਤੀ। ਸਮਾਗਮ ਦਾ ਮੰਚ ਸੰਚਾਲਨ ਪਲਸ ਮੰਚ ਦੇ ਕਾਰਜਕਾਰੀ ਸਕੱਤਰ ਹਰਕੇਸ਼ ਚੌਧਰੀ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ, ਕਾਰਕੁਨ ਅਤੇ ਜਮਹੂਰੀ ਸ਼ਖ਼ਸੀਅਤਾਂ ਹਾਜ਼ਰ ਸਨ।

