5-ਡੇ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਦੀ ਦੇਸ਼ਵਿਆਪੀ ਹੜਤਾਲ
5-ਡੇ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਦੀ ਦੇਸ਼ਵਿਆਪੀ ਹੜਤਾਲ
ਫ਼ਿਰੋਜ਼ਪੁਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ
Punjab News, 27 ਜਨਵਰੀ 2026
ਕੇਂਦਰ ਸਰਕਾਰ ਅਤੇ ਆਈ.ਬੀ.ਏ. (ਇੰਡਿਅਨ ਬੈਂਕਸ ਐਸੋਸੀਏਸ਼ਨ) ਵੱਲੋਂ ਲੰਮੇ ਸਮੇਂ ਤੋਂ ਸਹਿਮਤੀ ਹੋਣ ਦੇ ਬਾਵਜੂਦ ਅਜੇ ਤੱਕ ਲਾਗੂ ਨਾ ਕੀਤੀ ਗਈ 5-ਡੇ ਬੈਂਕਿੰਗ ਪ੍ਰਣਾਲੀ ਦੀ ਮੰਗ ਨੂੰ ਲੈ ਕੇ ਅੱਜ 27 ਜਨਵਰੀ 2026 ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਦੇਸ਼ਵਿਆਪੀ ਹੜਤਾਲ ’ਤੇ ਹਨ। ਸਰਕਾਰੀ, ਨਿੱਜੀ, ਰਾਸ਼ਟਰੀਕ੍ਰਿਤ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਦੇ ਲੱਖਾਂ ਕਰਮਚਾਰੀ ਇਸ ਅੰਦੋਲਨ ਵਿੱਚ ਸ਼ਾਮਲ ਹਨ।
ਇਸ ਸਬੰਧ ਵਿੱਚ ਯੂਨਾਈਟਡ ਫੋਰਮ ਆਫ਼ ਬੈਂਕ ਯੂਨਿਅਨਜ਼ (UFBU) ਦੇ ਸੱਦੇ ’ਤੇ ਫ਼ਿਰੋਜ਼ਪੁਰ ਦੇ ਉਧਮ ਸਿੰਘ ਚੌਕ ਸਥਿਤ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਦੇ ਸਾਹਮਣੇ ਸੈਂਕੜੇ ਬੈਂਕ ਕਰਮਚਾਰੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਅਤੇ ਆਈ.ਬੀ.ਏ. ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ’ਤੇ ਕਾਮਰੇਡ ਰੋਹਿਤ ਧਵਨ, ਕਾਮਰੇਡ ਜਗਮੋਹਨ ਸਿੰਘ, ਕਾਮਰੇਡ ਪਰਵੀਨ ਤਲਵਾਰ, ਕਾਮਰੇਡ ਦੀਪਕ ਕੁਮਾਰ, ਕਾਮਰੇਡ ਮਨਪ੍ਰੀਤ ਸਿੰਘ ਅਤੇ ਕਾਮਰੇਡ ਦਲੀਪ ਕੁਮਾਰ ਨੇ ਵਕਤਾ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ 12ਵੇਂ ਦੋਪੱਖੀ ਸਮਝੌਤੇ ’ਤੇ ਦਸਤਖ਼ਤ ਸਮੇਂ ਆਈ.ਬੀ.ਏ. ਵੱਲੋਂ 5-ਡੇ ਬੈਂਕਿੰਗ ਦੀ ਮੰਗ ’ਤੇ ਸਪਸ਼ਟ ਸਹਿਮਤੀ ਦਿੱਤੀ ਗਈ ਸੀ, ਪਰ ਹੁਣ ਇਸ ਨੂੰ ਲਾਗੂ ਕਰਨ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।
ਵਕਤਾਵਾਂ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਮੁੱਖ ਵਿੱਤੀ ਸੰਸਥਾਵਾਂ—ਜਿਵੇਂ ਸ਼ੇਅਰ ਮਾਰਕੀਟ, ਰਿਜ਼ਰਵ ਬੈਂਕ ਆਫ਼ ਇੰਡੀਆ (RBI), ਐਲ.ਆਈ.ਸੀ. ਆਦਿ ਪਹਿਲਾਂ ਹੀ ਹਫ਼ਤੇ ਵਿੱਚ ਪੰਜ ਦਿਨ ਕੰਮ ਕਰ ਰਹੀਆਂ ਹਨ, ਪਰ ਬੈਂਕ ਕਰਮਚਾਰੀਆਂ ਨਾਲ ਸੌਤੇਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੈਂਕ ਕਰਮਚਾਰੀਆਂ ਨੇ ਸਰਕਾਰ ਦੀ ਹਰ ਯੋਜਨਾ ਅਤੇ ਪ੍ਰੋਗਰਾਮ ਨੂੰ ਤਰਜੀਹੀ ਅਧਾਰ ’ਤੇ ਜਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਮਹੱਤਵਪੂਰਨ ਅਤੇ ਕੇਂਦਰੀ ਭੂਮਿਕਾ ਨਿਭਾਈ ਹੈ।
ਵਕਤਾਵਾਂ ਨੇ ਇਹ ਵੀ ਦੱਸਿਆ ਕਿ ਬੈਂਕ ਕਰਮਚਾਰੀ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਦੇ ਬਦਲੇ ਆਪਣੇ ਰੋਜ਼ਾਨਾ ਕੰਮ ਦੇ ਸਮੇਂ ਵਿੱਚ 40 ਮਿੰਟ ਦਾ ਵਾਧਾ ਕਰਨ ਲਈ ਵੀ ਸਹਿਮਤ ਹਨ, ਫਿਰ ਵੀ ਕੇਂਦਰ ਸਰਕਾਰ ਅਤੇ ਆਈ.ਬੀ.ਏ. ਵੱਲੋਂ ਅਨਿਆਇਕ ਰਵੱਈਆ ਅਪਣਾਇਆ ਜਾ ਰਿਹਾ ਹੈ।
ਅੰਤ ਵਿੱਚ ਵਕਤਾਵਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਅਤੇ ਆਈ.ਬੀ.ਏ. ਵੱਲੋਂ ਤੁਰੰਤ 5-ਡੇ ਬੈਂਕਿੰਗ ਪ੍ਰਣਾਲੀ ਲਾਗੂ ਨਾ ਕੀਤੀ ਗਈ, ਤਾਂ ਬੈਂਕ ਕਰਮਚਾਰੀ ਆਪਣੇ ਅੰਦੋਲਨ ਨੂੰ ਹੋਰ ਤੇਜ਼ ਅਤੇ ਵਿਆਪਕ ਕਰਨ ਲਈ ਮਜਬੂਰ ਹੋਣਗੇ।
ਇਸ ਰੋਸ ਪ੍ਰਦਰਸ਼ਨ ਦੇ ਮੌਕੇ ’ਤੇ ਕਾਮਰੇਡ ਪ੍ਰੇਮ ਸ਼ਰਮਾ, ਸੁਖਪਾਲ ਸਿੰਘ, ਰਮਿੰਦਰ ਸਿੰਘ, ਪ੍ਰਦੀਪ ਕੱਕੜ, ਸੁਖਦੀਪ ਕੌਰ, ਨੀਤੀ ਗੁਪਤਾ, ਸ਼ਵਿੰਦਰ ਕੌਰ, ਰੂਬੀ ਗੋਇਲ, ਗੁਰਲਾਲ ਸਿੰਘ, ਜਤਿੰਦਰ ਸਿੰਘ, ਅਸ਼ੋਕ ਯਾਦਵ, ਨਵੀਨ ਸੇਤੀਆ, ਰਣਜੀਤ ਸਿੰਘ, ਵੈਭਵ ਸਮੇਤ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਬੈਂਕ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

