ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਡੀਪੀਆਈ ਨੂੰ ਬੀਐੱਡ ਫ਼ਰੰਟ ਨੇ ਭੇਜੇ ਰੋਸ ਪੱਤਰ
ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਡੀਪੀਆਈ ਨੂੰ ਬੀਐੱਡ ਫ਼ਰੰਟ ਨੇ ਭੇਜੇ ਰੋਸ ਪੱਤਰ
ਅਧਿਆਪਕਾਂ ਉੱਪਰ ਥੋਪੀ ਬੇਲੋੜੀ ਟੀਈਟੀ ਦੀ ਸ਼ਰਤ ਵਾਪਿਸ ਲਈ ਜਾਵੇ: ਕਿਸ਼ਨਪੁਰਾ
ਮੋਗਾ 27 ਜਨਵਰੀ 2026-
ਸਿੱਖਿਆ ਵਿਭਾਗ ਸਰਵਿਸ ਰੂਲਾਂ ਨੂੰ ਛਿੱਕੇ ਟੰਗਕੇ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਰਹੇ ਸੀਨੀਅਰ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ ਜਿਸ ਨਾਲ਼ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ ਜਿਸ ਸਬੰਧੀ ਅੱਜ ਪੰਜਾਬ ਵਿੱਚ ਸਿੱਖਿਆ ਮੰਤਰੀ ਪੰਜਾਬ ਅਤੇ ਡੀ ਪੀ ਆਈ ਦੇ ਨਾਮ ਜਿਲ੍ਹਾ ਸਿੱਖਿਆ ਦਫਤਰਾਂ ਰਾਹੀਂ ਮੰਗ ਪੱਤਰ ਭੇਜੇ ਗਏ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਆਪਣੇ ਹੀ ਨੋਟੀਫਿਕੇਸ਼ਨ ਅਨੁਸਾਰ 2011 ਤੋਂ ਪਹਿਲਾਂ ਦੇ ਨਿਯੁਕਤ ਅਧਿਆਪਕਾਂ ਨੂੰ ਟੀ ਈ ਟੀ ਤੋਂ ਛੋਟ ਦਿੱਤੀ ਗਈ ਸੀ ਜਿਸ ਕਾਰਨ ਇਹਨਾਂ ਅਧਿਆਪਕਾਂ ਵੱਲੋਂ ਟੀ ਈ ਟੀ ਪੇਪਰ ਦੇਣ ਦੀ ਜਰੂਰਤ ਹੀ ਨਹੀਂ ਸਮਝੀ।
ਪਰ ਹੁਣ ਜਦਕਿ ਆਖਰੀ ਫੈਸਲਾ ਅਜੇ ਵੀ ਮਾਨਯੋਗ ਉੱਚ ਅਦਾਲਤ ਕੋਲ ਪੈਂਡਿੰਗ ਹੋਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਕਾਹਲੀ ਵਿੱਚ ਸੀਨੀਅਰ ਅਧਿਆਪਕਾਂ ਦੀ ਵਿਭਾਗੀ ਸੇਵਾ ਨੂੰ ਅਣਗੌਲੇ ਕਰਦੇ ਹੋਏ ਜੂਨੀਅਰ ਅਧਿਆਪਕ ਸਾਥੀਆਂ ਨੂੰ ਈ ਟੀ ਟੀ ਤੋਂ ਮਾਸਟਰ ਕਾਡਰ ਤਰੱਕੀਆਂ ਵਿੱਚ ਸਟੇਸ਼ਨ ਚੁਣਨ ਲਈ ਲਈ ਬੁਲਾਇਆ ਗਿਆ ਹੈ ਜੋ ਕਿ ਗੈਰ ਸੰਵਿਧਾਨਕ ਹੈ ਅਤੇ ਜਥੇਬੰਦੀਆਂ ਨੂੰ ਸਖ਼ਤ ਸੰਘਰਸ਼ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਹਾਜ਼ਰ ਆਗੂਆਂ ਵੱਲੋਂ ਕਿਹਾ ਗਿਆ ਕਿ ਜੇਕਰ ਵਿਭਾਗ ਵੱਲੋਂ ਸੀਨੀਅਰ ਅਧਿਆਪਕਾਂ ਦੇ ਨਾਲ ਹੋ ਰਹੇ ਧੱਕੇ ਵਾਲੇ ਫੈਸਲੇ ਨੂੰ ਤੁਰੰਤ ਨਾ ਰੋਕਿਆ ਤਾਂ ਜਥੇਬੰਦੀ ਵੱਲੋਂ ਇਸ ਫੈਸਲੇ ਦੇ ਵਿਰੋਧ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਦੇਵਿੰਦਰ ਸਿੰਘ ਹਰਾਜ, ਪ੍ਰਦੀਪ ਸਿੰਘ ਰੱਖੜਾ, ਦਿਲਬਾਗ ਸਿੰਘ ਸੈਦੋਕੇ, ਗਗਨਦੀਪ ਸਿੰਘ, ਜਸਪਾਲ ਸਿੰਘ ਮੋਗਾ ,ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਕੌਰ, ਜਤਿੰਦਰ ਕੌਰ, ਹਰਸ਼ ਜੋਤੀ,ਰਮਨਦੀਪ ਕੌਰ ਅਧਿਆਪਕ ਆਗੂ ਹਾਜਰ ਸਨ।

