ਹਉਮੈ ਦੀਰਘ ਰੋਗ ਹੈ
ਹਉਮੈ ਦੀਰਘ ਰੋਗ ਹੈ
ਲੇਖਕ – ਤਜਿੰਦਰ ਸਿੰਘ ਸੋਢੀ
ਕਹਿੰਦੇ ਨੇ ਕਿ ਇਨਸਾਨ ਦਾ ਦਿਮਾਗ ਐਨਾ ਸ਼ਕਤੀਸ਼ਾਲੀ ਹੈ ਕਿ ਉਹ ਆਪਣੇ ਅੰਦਰ ਦੁਨੀਆ ਭਰ ਦੀ ਜਾਣਕਾਰੀ ਸਟੋਰ ਕਰਕੇ ਰੱਖ ਸਕਦਾ ਹੈ। ਜਿਵੇਂ ਆਪਾਂ ਕੰਪਿਊਟਰ ਵਿੱਚ ਕੋਈ ਫਾਈਲ ਸਰਚ ਕਰੀਏ ਤਾਂ ਲੱਭ ਜਾਂਦੀ ਹੈ ਇਸੇ ਤਰਾਂ ਮਨੁੱਖੀ ਦਿਮਾਗ ਪੁਰਾਣੀ ਤੋ ਪੁਰਾਣੀ ਗੱਲ ਵੀ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਉਣ ਨਾਲ ਯਾਦ ਕਰਕੇ ਦੱਸ ਦਿੰਦਾ ਹੈ ਜਿਵੇ ਕਿ ਬਚਪਨ ਦੀਆਂ ਯਾਦਾਂ, ਕਿਸੇ ਦੁਆਰਾ ਪੁਰਾਣੀ ਗੱਲ ਯਾਦ ਕਰਵਾਉਣ ਤੇ ਦਿਮਾਗ ਵਿਚੋਂ ਉਹ ਗੱਲ ਲੱਭ ਹੀ ਜਾਂਦੀ ਹੈ । ਜਿਵੇ ਜਿਵੇ ਸਮਾਂ ਤੇਜ਼ੀ ਫੜ ਰਿਹਾ ਹੈ ਓਸੇ ਤਰ੍ਹਾ ਮਨੁੱਖੀ ਦਿਮਾਗ ਵੀ ਤੇਜ਼ ਹੋ ਰਿਹਾ ਹੈ ।
ਮਿਲੇਨੀਅਲ ਜਨਰੇਸ਼ਨ ਤੋ ਜੇਨ ਜੀ ਜਨਰੇਸ਼ਨ ਅਤੇ ਅੱਜ ਕੱਲ੍ਹ ਦੇ ਬੱਚੇ ਅਲਫਾ ਜਨਰੇਸ਼ਨ ਅਖਵਾਉਂਦੇ ਹਨ । ਇਹਨਾਂ ਜੈਨਰੇਸ਼ਨਾਂ ਦਾ ਆਪਸ ਵਿੱਚ ਕੋਈ ਬਹੁਤਾ ਗੈਪ ਨਹੀ ਹੈ । ਪਿਛਲੇ ਕੁਝ 20 ਕੁ ਸਾਲਾਂ ਵਿੱਚ ਹੀ ਇਹਨਾਂ ਜਨਰੇਸ਼ਨਾਂ ਨੇ ਜਨਮ ਲਿਆ ਹੈ ਪਰ ਇਹਨਾਂ ਦੀ ਸੋਚ ਵਿੱਚ ਕਾਫ਼ੀ ਵੱਡਾ ਅੰਤਰ ਹੈ । ਪੁਰਾਣੇ ਲੋਕਾਂ ਕੋਲ ਬਹੁਤ ਜਿਆਦਾ ਤਜ਼ੁਰਬਾ ਹੈ ਤੇ ਨਵੇਂ ਬੱਚਿਆਂ ਕੋਲ ਟੈਕਨਾਲੋਜੀ । ਹੁਣ ਫਰਕ ਕਿੱਥੇ ਸ਼ੁਰੂ ਹੁੰਦਾ ਹੈ ਕਿ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਉੱਤਮ ਦਰਜਾ ਇਹ ਕਹਿ ਕੇ ਦਿੰਦਾ ਹੈ ਕਿ ਉਸ ਨੂੰ ਹਰ ਤਰ੍ਹਾ ਦਾ ਗਿਆਨ ਹੈ ਜੋ ਕਿ ਹੋ ਸਕਦਾ ਹੈ ਦੂਸਰੇ ਵਿਅਕਤੀ ਨੂੰ ਕੋਈ ਦਸ ਪੈਸੇ ਘੱਟ ਹੋਵੇ ਪਰ ਇਹ ਕਹਿਣਾ ਕਿ “ਤੈਨੂੰ ਨੀ ਪਤਾ, ਤੈਨੂੰ ਮੈਂ ਦੱਸਦਾ “ ਸਿੱਧੇ ਸ਼ਬਦਾਂ ਵਿੱਚ ਸਾਹਮਣੇ ਵਾਲੇ ਇਨਸਾਨ ਨੂੰ ਹਊਮੈ ਦਿਖਾਉਣੀ ਮੰਨਿਆ ਜਾਂਦਾ ਹੈ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਕਿ ਇਹ ਜਾਣਕਾਰੀ ਦੇਣੀ ਨਹੀਂ ਇਸ ਨੂੰ ਨੀਚਾ ਦਿਖਾਉਣਾ ਕਿਹਾ ਜਾਂਦਾ ਹੈ ਤੇ ਇਸ ਤਰ੍ਹਾ ਦੇ ਵਿਅਕਤੀ ਹਰ ਖਿੱਤੇ ਵਿੱਚ ਪਾਏ ਜਾਂਦੇ ਹਨ ।
ਇਹੋ ਜਿਹੇ ਵਿਅਕਤੀਆਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਓਸ ਦੇ ਸਾਹਮਣੇ ਵਾਲਾ ਵਿਅਕਤੀ ਅਣਜਾਣ ਹੈ ਜਾਂ ਅਗਿਆਨੀ ਹੈ ਪਰ ਅਸਲ ਵਿਚ ਸਾਹਮਣੇ ਵਾਲਾ ਵਿਅਕਤੀ ਵੀ ਆਪਣੇ ਖਿੱਤੇ ਵਿੱਚ ਮੁਹਾਰਤ ਰੱਖਦਾ ਹੁੰਦਾ ਹੈ । ਇਸ ਨਾਲ ਹਉਮੈ ਵਾਲਾ ਵਿਅਕਤੀ ਮਜ਼ਾਕ ਦਾ ਪਾਤਰ ਵੀ ਬਣਦਾ ਹੈ ਤੇ ਆਪਣੀ ਇੱਜ਼ਤ ਵੀ ਘਟਾ ਲੈਂਦਾ ਹੈ । ਹੁਣ ਤੁਸੀਂ ਇਹ ਕਹੋਗੇ ਕਿ ਗਿਆਨ ਵੰਡਣ ਨਾਲ ਵੱਧ ਹੁੰਦਾ ਹੈ । ਹਾਂਜੀ ਬਿਲਕੁਲ ਵਧਦਾ ਹੈ ਬਸ਼ਰਤੇ ਉਹ ਗਿਆਨ ਹਉਮੈ ਭਰਿਆ ਨਾ ਹੋਵੇ ।
ਮਹਾਭਾਰਤ ਵਿੱਚ ਜੇਕਰ ਅਰਜੁਨ ਦਾ ਗੁਰੂ ਦਰੋਣਾਚਾਰੀਆ ਅਰਜਨ ਨੂੰ ਇਹ ਕਹਿੰਦਾ ਕਿ “ ਤੈਨੂੰ ਨੀ ਤੀਰ ਚਲਾਉਣਾ ਆਉਂਦਾ, ਤੈਨੂੰ ਮੈਂ ਦੱਸਦਾ ਕਿਵੇ ਚਲਾਉਂਦੇ ਆ “ ਤਾਂ ਇਹ ਹਉਮੈ ਭਰਿਆ ਗਿਆਨ ਹੁੰਦਾ । ਬਸ ਸ਼ਬਦਾਂ ਦੇ ਇਸ ਹਰ ਫੇਰ ਨੂੰ ਹੀ ਹਉਮੈ ਤੇ ਗਿਆਨੀ ਦੀ ਪਹਿਚਾਣ ਕਰਵਾਉਣੀ ਹੁੰਦੀ ਹੈ ।
ਗੁਰਬਾਣੀ ਵਿੱਚ ਵੀ ਦੱਸਿਆ ਗਿਆ ਹੈ ਕਿ “ ਹਮ ਨਹੀਂ ਚੰਗੇ, ਬੁਰਾ ਨਹੀਂ ਕੋਇ “
ਅਸਲ ਵਿੱਚ ਇਸ ਨੂੰ ਦਿਮਾਗੀ ਰੋਗ ਵੀ ਕਿਹਾ ਜਾਂਦਾ ਹੈ ਕਿਉਂਕਿ ਇਹੋ ਜਿਹਾ ਵਿਅਕਤੀ ਆਪਣੇ ਆਪ ਨੂੰ ਇੰਸੀਕਿਊਰ ਤੇ ਇਨਫੀਰੀਅਰ ਸਮਝਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਹਰ ਤਰ੍ਹਾ ਸੁਪੀਰੀਅਰ ਸਾਬਿਤ ਕਰਨਾ ਚਾਹੁੰਦਾ ਹੁੰਦਾ ਹੈ । ਵਡਿਆਈ ਉਹ ਨਹੀਂ ਜੋ ਖੁਦ ਕੀਤੀ ਜਾਵੇ, ਵਡਿਆਈ ਉਹ ਜੋ ਪਿੱਠ ਪਿੱਛੇ ਚੌਥਾ ਬੰਦਾ ਕਰੇ । ਆਪਣੇ ਆਪ ਨੂੰ ਉੱਚਾ ਚੁੱਕਣਾ ਹੈ ਤਾਂ ਨੀਵੇਂ ਰਹਿਣਾ ਸਿੱਖਣਾ ਚਾਹੀਦਾ ਹੈ ।
ਹੁਣ ਤੁਸੀਂ ਆਪਣੇ ਆਲੇ ਦੁਆਲੇ ਝਾਤ ਮਾਰੋ , ਤੁਹਾਡੇ ਘਰ ਵਿੱਚ, ਤੁਹਾਡੇ ਕਿੱਤੇ ਵਾਲੀ ਜਗ੍ਹਾ ਤੇ, ਤੁਹਾਡੇ ਮੁਹੱਲੇ ਵਿੱਚ ਜਾਂ ਤੁਹਾਡੇ ਪਿੰਡ ਵਿੱਚ ਇਹੋ ਜਿਹੇ ਲੋਕ ਤੁਹਾਨੂੰ ਜਰੂਰ ਮਿਲ ਜਾਣਗੇ ਜਿਹੜੇ ਇਹ ਕਹਿਣਗੇ “ ਤੈਨੂੰ ਨੀ ਪਤਾ, ਤੈਨੂੰ ਮੈਂ ਦੱਸਦਾ, ਮੇਰਾ ਤਾਂ ਰੋਜ਼ ਦਾ ਕੰਮ ਆ, ਤੂੰ ਬਾਹਰ ਘੱਟ ਨਿਕਲਿਆ ਲੱਗਦਾ “
ਹੁਣ ਤੁਸੀਂ ਵੀ ਆਪਣੇ ਅੰਦਰ ਝਾਤ ਮਾਰੋ ਕਿਤੇ ਤੁਸੀਂ ਵੀ ਇਸ ਰੋਗ ਨਾਲ ਗ੍ਰਸਤ ਨਹੀ ?
ਤਜਿੰਦਰ ਸਿੰਘ ਸੋਢੀ
ਡੀ ਪੀ ਈ ਸ ਸ ਸ ਸ ਕਾਉਣੀ
7087511109

