All Latest NewsGeneralNews FlashPoliticsPunjab NewsTop BreakingTOP STORIES

…ਤੇ ਜਦੋਂ ਆਰ.ਓ. ਬਣਿਆ ਉਮੀਦਵਾਰ! ਸਰਪੰਚੀ ਦੀ ਚੋਣ ਲੜਨ ਵਾਲੀ ਔਰਤ ਦੇ ਦਸਤਖਤ ਤੋਂ ਬਿਨਾਂ ਲਈ ਨਾਮਜਦਗੀ ਵਾਪਸ

 

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਦੇ ਵੀ ਜਲਾਲਾਬਾਦ ਬੂਥ ਦੇ ਅੰਦਰ ਦਾਖਲ ਨਹੀਂ ਹੋਈ: ਉਮੀਦਵਾਰ ਹਰਬੰਸ ਕੌਰ

ਚੋਣ ਨਿਸ਼ਾਨ ਲੈਣ ਆਈ ਸਰਪੰਚ ਦੀ ਉਮੀਦਵਾਰ ਦੀ ਫਾਈਲ ਆਪੇ ਹੋਈ ਵਾਪਸ, ਸੱਤਾ ਧਿਰ ਦਾ ਉਮੀਦਵਾਰ ਜੇਤੂ ਕਰਾਰ!

ਆਰ.ਓ. ਗੁਰਦਾਸ ਸਿੰਘ ਕਿਹਾ – ਮੈਂ ਕਾਨੂੰਨ ਮੁਤਾਬਕ ਆਪਣਾ ਕੰਮ ਕੀਤਾ, ਕੁਝ ਵੀ ਗਲਤ ਨਹੀਂ ਕੀਤਾ- 

ਪਰਮਜੀਤ ਢਾਬਾਂ, ਫਾਜ਼ਿਲਕਾ-

ਪੰਚਾਇਤੀ ਚੋਣਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਤਿੰਨ ਦਿਨ ਲਗਾਤਾਰ ਫਾਜ਼ਿਲਕਾ ਦੀ ਗ੍ਰਾਮ ਪੰਚਾਇਤ ਪਿੰਡ ਚੱਕ ਸੋਹਣਾ ਸਾਂਦੜ ਲਈ ਲੰਬਾ ਸੰਘਰਸ਼ ਚੱਲਿਆ ਅਤੇ ਪੰਚਾਇਤੀ ਚੋਣਾਂ ਲਈ ਚੋਣ ਲੜ ਰਹੇ ਵਿਰੋਧੀ ਧਿਰ ਦੇ ਪੰਚ ਅਤੇ ਸਰਪੰਚ ਦੀਆਂ ਫਾਈਲਾਂ ਖੋਹਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਅਤੇ ਫਾਈਲਾਂ ਖੋਹਣ ‘ਚ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੇ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਸੀ।

ਇਸ ਪਿੰਡ ਦਾ ਹੁਣ ਮਾਮਲਾ ਨਵੇਂ ਮੋੜ ਵਿੱਚ ਆ ਗਿਆ ਹੈ। ਸੱਤਾ ਧਿਰ ਦੇ ਵਿਅਕਤੀਆਂ ਵੱਲੋਂ ਵਿਰੋਧੀ ਧਿਰ ਦੀਆਂ ਫਾਈਲਾਂ ਖੋ ਕੇ ਆਪਣੇ ਆਪ ਨੂੰ ਇੱਕ ਪਾਸੜ ਜੇਤੂ ਕਰਾਰ ਦੇਣ ਦੀ ਬਣਾਈ ਯੋਜਨਾ ਉਸ ਵੇਲੇ ਅਸਫਲ ਹੋ ਗਈ, ਜਦੋਂ ਸੱਤਾ ਧਿਰ ਨਾਲ ਹੀ ਸਬੰਧ ਰੱਖਣ ਵਾਲੀ ਦੂਜੀ ਔਰਤ ਉਮੀਦਵਾਰ ਹਰਬੰਸ ਕੌਰ ਨੇ ਯੋਗ ਕਰਾਰ ਮਿਲਣ ਤੋਂ ਬਾਅਦ ਆਪਣੀ ਚੋਣ ਮੁਹਿੰਮ ਵਿੱਢ ਦਿੱਤੀ ਅਤੇ ਸਰਪੰਚ ਬਣਨ ਦੀ ਪੂਰੀ ਤਿਆਰੀ ਖਿੱਚ’ਤੀ। ਜਦੋਂ ਇਸ ਬਾਰੇ ਸੱਤਾ ਧਿਰ ਦੇ ਦੂਸਰੇ ਉਮੀਦਵਾਰ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਥੋਂ ਦੇ ਆਪਣੇ ਵੱਡੇ ਆਗੂ ਨੂੰ ਇਹ ਕਹਿ ਦਿੱਤਾ ਕਿ, ਹੁਣ ਜੇਤੂ ਕਰਾਰ ਨਹੀਂ ਦਿੱਤਾ ਜਾ ਸਕਦਾ, ਤਾਂ ਉਹਨਾਂ ਨੇ ਆਰ.ਓ. ਨਾਲ ਮਿਲ ਕੇ ਬਿਨਾਂ ਦਸਤਖਤ ਕਰਵਾਏ, ਉਸ ਉਮੀਦਵਾਰ ਦੇ ਕਥਿਤ ਤੌਰ ‘ਤੇ ਕਾਗਜ਼ ਹੀ ਵਾਪਸ ਕਰਵਾ ਦਿੱਤੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਦੀ ਉਮੀਦਵਾਰ ਹਰਬੰਸ ਕੌਰ ਕੌਰ ਪਤਨੀ ਪੂਰਨ ਸਿੰਘ ਨੇ ਦੱਸਿਆ ਕਿ ਉਹ ਆਪਣਾ ਚੋਣ ਨਿਸ਼ਾਨ ਲੈਣ ਲਈ ਦੋ ਦਿਨ ਤੋਂ ਬੂਥ ਨੰਬਰ ਸੱਤ ਦੇ ਚੱਕਰ ਕੱਢ ਰਹੇ ਹਨ, ਪਰੰਤੂ ਅੱਜ ਉਹਨਾਂ ਨੂੰ ਆਰ.ਓ. ਗੁਰਦਾਸ ਸਿੰਘ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਉਹਨਾਂ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਦਾ, ਕਿਉਂਕਿ ਉਹਨਾਂ ਨੇ ਆਪਣੀ ਸਰਪੰਚ ਦੀ ਉਮੀਦਵਾਰੀ ਦੀ ਦਰਖਾਸਤ ਵਾਪਸ ਲੈ ਲਈ ਹੈ।

ਉਹਨਾਂ ਦੱਸਿਆ ਕਿ ਇਹ ਸਭ ਕੁਝ ਸੁਣ ਕੇ ਉਹ ਹੱਕੇ ਬੱਕੇ ਰਹਿ ਗਏ ਅਤੇ ਉਹਨਾਂ ਦੱਸਿਆ ਕਿ ਉਹ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਕਦੇ ਜਲਾਲਾਬਾਦ ਸ਼ਹਿਰ ਵਿੱਚ ਦਾਖਲ ਹੀ ਨਹੀਂ ਹੋਏ ਅਤੇ ਉਹਨਾਂ ਦੇ ਦਸਤਖਤਾਂ ਤੋਂ ਬਿਨਾਂ ਉਹਨਾਂ ਦੀ ਨਾਮਜ਼ਦਗੀ ਵਾਲੀ ਦਰਖਾਸਤ ਕਿਵੇਂ ਵਾਪਸ ਲੈ ਲਈ ਗਈ ਅਤੇ ਕੌਣ ਲੈ ਗਿਆ।

ਸਰਪੰਚ ਦੀ ਚੋਣ ਲੜਨ ਲਈ ਯੋਗ ਕਰਾਰ ਦਿੱਤੀ ਗਈ ਉਮੀਦਵਾਰ ਹਰਬੰਸ ਕੌਰ ਅਤੇ ਉਸਦੇ ਪਤੀ ਪੂਰਨ ਸਿੰਘ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਆਰ. ਗੁਰਦਾਸ ਸਿੰਘ ਤੋਂ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਹਨਾਂ ਇਕੋ ਹੀ ਜਵਾਬ ਦਿੱਤਾ ਕਿ ਉਹ ਆਪਣੀ ਫਾਈਲ ਵਾਪਸ ਲੈ ਚੁੱਕੇ ਹਨ।

ਇਸ ਲਈ ਸਿਰਫ ਇੱਕ ਹੀ ਸਰਪੰਚ ਦੀ ਉਮੀਦਵਾਰ ਰਹਿ ਗਈ, ਸਿੰਦਰ ਕੌਰ ਪਤਨੀ ਮਹਿੰਦਰ ਕੌਰ ਨੂੰ ਸਰਪੰਚ ਅਤੇ ਬਾਕੀ ਪੰਜ ਪੰਚਾਂ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਹੈ।

ਮੈਂ ਕਾਨੂੰਨ ਮੁਤਾਬਕ ਆਪਣਾ ਕੰਮ ਕੀਤਾ, ਕੁਝ ਵੀ ਗਲਤ ਨਹੀਂ ਕੀਤਾ- ਆਰ.ਓ. ਗੁਰਦਾਸ ਸਿੰਘ

ਇਸ ਸਬੰਧੀ ਲੱਗੇ ਇਲਜ਼ਾਮਾਂ ਬਾਰੇ ਜਦੋਂ ਆਰ.ਓ. ਗੁਰਦਾਸ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਕਾਨੂੰਨ ਮੁਤਾਬਕ ਆਪਣਾ ਕੰਮ ਕੀਤਾ ਹੈ, ਕੁਝ ਵੀ ਗਲਤ ਨਹੀਂ ਕੀਤਾ, ਉਮੀਦਵਾਰ ਵੱਲੋਂ ਕਾਗਜ਼ ਵਾਪਸ ਲਏ ਗਏ ਹਨ। ਇਸ ਲਈ ਬਾਕੀ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਜਦੋਂ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਂਦਾ ਹੈ ਤਾਂ ਉਸ ਦੀ ਇੱਕ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਅਤੇ ਉਸ ਦੇ ਦਸਤਕਤ ਕਰਵਾਏ ਜਾਂਦੇ ਹਨ ਪ੍ਰੰਤੂ ਇਸ ਮਾਮਲੇ ਵਿੱਚ ਅਜਿਹਾ ਕੁਝ ਵੀ ਕੀਤੇ ਜਾਣਾ ਸਾਹਮਣੇ ਨਹੀਂ ਆਇਆ।

ਸ਼ਿਕਾਇਤ ਦੀ ਇਨਕੁਆਰੀ ਜੇਕਰ ਮੈਨੂੰ ਮਾਰਕ ਹੋਵੇਗੀ, ਮੈਂ ਤੁਰੰਤ ਕਾਰਵਾਈ ਕਰਾਂਗਾ- ਐਸਡੀਐਮ ਕੰਵਰਜੀਤ ਸਿੰਘ

ਇਸ ਸਬੰਧੀ ਜਦੋਂ ਜਲਾਲਾਬਾਦ ਦੇ ਐਸਡੀਐਮ ਕੰਵਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦੀ ਇਨਕੁਆਰੀ ਜੇਕਰ ਮੈਨੂੰ ਮਾਰਕ ਹੋਵੇਗੀ, ਮੈਂ ਤੁਰੰਤ ਕਾਰਵਾਈ ਕਰਾਂਗਾ।

 

Leave a Reply

Your email address will not be published. Required fields are marked *