Punjab News: BLOs ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਬੀਤੇ ਦਿਨੀ ਬੀ.ਐਲ.ਓ ਯੂਨੀਅਨ ਅੰਮ੍ਰਿਤਸਰ ਨੇ ਯੂਨੀਅਨ ਪ੍ਰਧਾਨ ਪ੍ਰਵੇਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ- ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਨੂੰ ਬੀ.ਐਲ.ਓਜ਼ ਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਵਲੋਂ ਮੀਟਿੰਗ ਦੀ ਸ਼ੁਰੂਆਤ ਵਿੱਚ ਬੀ.ਐਲ.ਓਜ਼ ਦੀ ਮੁਅੱਤਲੀ ਨੂੰ ਨਜਾਇਜ਼ ਠਹਿਰਾਉਂਦਿਆਂ ਉਹਨਾਂ ਦੀ ਫੌਰੀ ਬਹਾਲੀ ਕਰਨ ਦੀ ਮੰਗ ਰੱਖੀ ਜਿਸ ਬਾਰੇ ਹਾਂ ਪੱਖੀ ਹੁੰਗਾਰਾ ਦੇਂਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਦੋਵਾਂ ਬੀ.ਐਲ.ਓਜ਼ ਦੀ ਬਹਾਲੀ ਕਰਨ ਦੇ ਹੁਕਮ ਜਾਰੀ ਕੀਤੇ।
ਬੀ.ਐਲ.ਓਜ਼ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਬੀ.ਐਲ.ਓ ਨੂੰ ਮਿਲਣ ਵਾਲਾ ਮਾਨ ਭੱਤਾ ਘੱਟੋ-ਘੱਟ 20 ਹਜਾਰ ਰੁਪਏ ਸਲਾਨਾ ਕੀਤਾ ਜਾਵੇ। ਗਜ਼ਟਿਡ ਛੁੱਟੀਆਂ ਅਤੇ ਦਿਨ ਤਿਉਹਾਰਾਂ ਵਾਲੇ ਦਿਨ ਬੀ.ਐਲ.ੳ ਡਿਊਟੀ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਗਜ਼ਟਿਡ ਛੁੱਟੀਆਂ ਜਾਂ ਸ਼ਨੀਵਾਰ, ਐਤਵਾਰ ਵਾਲੇ ਦਿਨ ਕੀਤੇ ਕੰਮ ਕਰਨ ਦੀ ਐਵਜ਼ ਵਿੱਚ ਕਮਾਈ ਛੁੱਟੀਆਂ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਵੱਡੀ ਗਿਣਤੀ ਬੀ.ਐਲ.ਓਜ਼ ਆਂਗਣਵਾੜੀ, ਆਸ਼ਾ ਵਰਕਰ ਤੇ ਹੋਰ ਗ਼ੈਰ ਤਕਨੀਕੀ ਖੇਤਰ ਵਿੱਚੋਂ ਹੋਣ ਕਰਕੇ ਬੀ.ਐਲ.ਓਜ਼ ਦੇ ਉੱਪਰ ਗੂਗਲ ਫਾਰਮ ਭਰਨ ਜਾਂ ਹੋਰ ਆਨਲਾਈਨ ਕੰਮ ਕਰਨ ਦਾ ਬੇਲੋੜਾ ਭਾਰ ਨਾ ਪਾਇਆ ਜਾਵੇ । ਹੋਰ ਵੀ ਕੁਝ ਅਹਿਮ ਮੰਗਾਂ ਬਾਰੇ ਮੰਗ ਪੱਤਰ ਵਿੱਚ ਲਿਖਿਆ ਗਿਆ।
ਮਾਣਯੋਗ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਨੇ ਬਹੁਤ ਹੀ ਧਿਆਨ ਨਾਲ ਬੀ.ਐਲ.ੳ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਜਲਦ ਹੀ ਉਹਨਾਂ ਦਾ ਸਾਕਾਰਾਤਮਕ ਤੇ ਢੁੱਕਵਾਂ ਹੱਲ ਕਰਨ ਦਾ ਆਸ਼ਵਾਸਨ ਦਿੱਤਾ।ਜ਼ਿਲ੍ਹਾ ਚੋਣ ਅਧਿਕਾਰੀ ਅੰਮ੍ਰਿਤਸਰ ਵਲੋਂ ਯੂਨੀਅਨ ਨੂੰ ਇਹ ਵੀ ਭਰੋਸਾ ਦਵਾਇਆ ਕਿ ਐਸ.ਜੀ.ਪੀ.ਸੀ ਦੀਆਂ ਵੋਟਾਂ ਬਣਾਉਣ ਦਾ ਮਾਨਭੱਤਾ ਬੀ.ਐਲ.ੳ ਨੂੰ ਦਿੱਤਾ ਜਾਵੇਗਾ। ਅੱਗੇ ਨਿਰੰਤਰ ਗੱਲਬਾਤ ਜ਼ਾਰੀ ਰੱਖਦਿਆਂ ਪ੍ਰਧਾਨ ਪ੍ਰਵੇਸ਼ ਸ਼ਰਮਾ ਨੇ ਮਾਣਯੋਗ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਐਸ.ਜੀ.ਪੀ.ਸੀ ਦੀਆਂ ਵੋਟਾਂ ਬਣਾਉਣ ਵਿੱਚ ਸਾਰੇ ਬੀ.ਐਲ.ੳਜ਼ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਦਿੱਤੇ ਕੰਮਾਂ ਲਈ ਪੂਰਾ ਸਹਿਯੋਗ ਦੇਣਗੇ।
ਇਸ ਮੀਟਿੰਗ ਵਿਚ ਯੂਨੀਅਨ ਦੇ ਪ੍ਰਧਾਨ ਪ੍ਰਵੇਸ਼ ਸ਼ਰਮਾ, ਜਰਨਲ ਸਕੱਤਰ ਮਧੂ ਕੁਮਾਰੀ, ਰਘੂਬੀਰ ਸਿੰਘ, ਅਸ਼ੋਕ ਕੁਮਾਰ, ਬਲਵੰਤ ਰਾਏ, ਗੁਰਮੀਤ ਸਿੰਘ, ਵਿਕਰਮਜੀਤ ਸਿੰਘ, ਮੈਡਮ ਪਰਮਜੀਤ, ਕਾਂਤਾ ਰਾਣੀ, ਸਰਬਜੀਤ ਕੌਰ, ਕਿਰਨ ਬਾਲਾ, ਨੀਲਮ ਕੁਮਾਰੀ, ਵਿਜੇ ਕੁਮਾਰੀ, ਸੁਖਵਿੰਦਰ ਸਿੰਘ, ਨਰੇਸ਼ ਸ਼ਰਮਾ, ਬਲਦੇਵ ਮਨਣ, ਰੋਹਿਤ ਕੁਮਾਰ, ਹਿਮਾਂਸ਼ੂ ਸ਼ਰਮਾ ਆਦਿ ਹਾਜਰ ਸਨ।
ਡੈਮੋਕਰੇਟਿਕ ਟੀਚਰਸ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਵੀ ਬੀ.ਐਲ.ਓਜ਼ ਦੀਆਂ ਜ਼ਾਇਜ ਮੰਗਾਂ ਦਾ ਸਮਰਥਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਬੀ.ਐਲ.ਓਜ਼ ਦੀਆਂ ਮੰਗਾਂ ਤੇ ਮੁਸ਼ਕਲਾਂ ਦਾ ਫੌਰੀ ਨਿਪਟਾਰਾ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਆਗੂਆਂ ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਚਰਨਜੀਤ ਸਿੰਘ ਰੱਜਧਾਨ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜਬੋਵਾਲ ਆਦਿ ਨੇ ਦੱਸਿਆ ਕਿ ਨਿਗੁਣਾਂ ਮਾਣ ਭੱਤਾ ਦੇ ਕੇ ਬੀ.ਐਲ.ਓਜ਼ ਨੂੰ ਅਗਾਮੀ ਐਸ.ਜੀ.ਪੀ.ਸੀ (ਬੋਰਡ) ਦੀਆਂ ਚੋਣ ਲਈ ਚੱਲ ਰਹੀ ਕੇਸਾਧਾਰੀ ਸਿੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਸਬੰਧੀ ਮਾਨਸਿਕ ਤੇ ਸਰੀਰਿਕ ਪ੍ਰਤਾੜਨਾ ਕਰਨਾ ਸਰਾਸਰ ਧੱਕੇਸ਼ਾਹੀ ਹੈ, ਜਿਸ ਨੂੰ ਫੌਰੀ ਰੋਕ ਲਾਉਣੀ ਚਾਹੀਦੀ ਹੈ। ਬੀ.ਐਲ.ਓਜ਼ ਅਨੁਸਾਰ ਪਾਤਰਤਾ ਪੂਰੀ ਕਰਦੇ ਸਿੱਖ ਵੋਟਰਾਂ ਦੇ ਫਾਰਮ ਭਰੇ ਜਾ ਚੁਕੇ ਹਨ ਅਤੇ ਰਹਿ ਗਏ ਸਿੱਖ ਵੋਟਰ ਨਿਯਮਾਂ ਤੇ ਸ਼ਰਤਾਂ ਅਨੁਸਾਰ ਫਾਰਮ ਭਰਵਾਉਣ ਯੋਗ ਨਹੀਂ ਹਨ।